ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਅਪਰੈਲ
ਜ਼ਿਲ੍ਹਾ ਸੰਗਰੂਰ ਨੂੰ ਨਸ਼ਾ ਮੁਕਤ ਕਰਨ ਲਈ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਕਮਰ ਕੱਸ ਲਈ ਹੈ। ਉਨ੍ਹਾਂ ਅੱਜ ਨਸ਼ਾ ਤਸਕਰਾਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ। ਐੱਸਐੱਸਪੀ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵੱਲ ਇਕ ਹੋਰ ਸਾਕਾਰਾਤਮਕ ਪੁਲਾਂਘ ਪੁਟਦਿਆਂ ਕਿਹਾ ਕਿ ਨਸ਼ਾ ਮੁਕਤ ਪੰਚਾਇਤਾਂ ਨੂੰ ਜੇਕਰ ਕੋਈ ਪੰਚਾਇਤ ਆਪਣੇ ਪਿੰਡ ਦੇ ਸੌ ਫ਼ੀਸਦੀ ਨਸ਼ਾ ਮੁਕਤ ਹੋਣ ਦੀ ਗਵਾਹੀ ਭਰਦੇ ਹੋਏ ਇਹ ਸਾਬਤ ਕਰਨ ਵਿੱਚ ਸਫਲ ਰਹੇਗੀ ਕਿ ਉਨ੍ਹਾਂ ਦੇ ਪਿੰਡ ਵਿੱਚ ਨਾ ਕੋਈ ਨਿਵਾਸੀ ਨਸ਼ਾ ਕਰਦਾ ਹੈ, ਨਾ ਕੋਈ ਨਸ਼ਾ ਵੇਚਣ ਵਾਲਾ ਆ ਸਕਦਾ ਹੈ ਅਤੇ ਪਿੰਡ ਦੇ ਪਹਿਲਾਂ ਤੋਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਨਸ਼ਾ ਮੁਕਤ ਕਰਨ ਲਈ ਯੋਗ ਇਲਾਜ ਕਰਵਾ ਕੇ ਤੰਦਰੁਸਤ ਕੀਤਾ ਗਿਆ ਹੈ ਤਾਂ ਅਜਿਹੀ ਗ੍ਰਾਮ ਪੰਚਾਇਤ ਨੂੰ ਪੰਜਾਬ ਸਰਕਾਰ ਕੋਲੋਂ ਵੱਧ ਤੋਂ ਵੱਧ ਗਰਾਂਟ ਦਿਵਾਉਣ ਵਿੱਚ ਸਹਿਯੋਗ ਕਰਨਗੇ। ਜ਼ਿਲ੍ਹਾ ਪੁਲੀਸ ਮੁਖੀ ਨੇ ਸਪੱਸ਼ਟ ਕਿਹਾ ਕਿ ਜੇਕਰ ਜ਼ਿਲ੍ਹਾ ਪੁਲੀਸ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਨਸ਼ਿਆਂ ਦੇ ਵਪਾਰੀਆਂ ਨਾਲ ਮਿਲੀਭੁਗਤ ਕਰਦਾ ਪਾਇਆ ਗਿਆ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।