ਬੀਰਬਲ ਰਿਸ਼ੀ
ਸ਼ੇਰਪੁਰ, 4 ਅਗਸਤ
ਸਿਵਲ ਪ੍ਰਸ਼ਾਸਨ ਵੱਲੋਂ ਗੋਦ ਲਏ ਸ਼ੇਰਪੁਰ ਦੇ ਬਰਨਾਲਾ ਰੋਡ ’ਤੇ ਪੈਂਦੇ ਪੱਤੀ ਖਲੀਲ ’ਚ ਚਿੱਟੇ ਦੇ ਕਾਲੇ ਧੰਦੇ ਦੇ ਭੇਤ ਕਿਸੇ ਤੋਂ ਗੁੱਝੇ ਨਹੀਂ ਪਰ ਹੈਰਾਨੀਜਨਕ ਹੈ ਕਿ ਪਿਛਲੇ ਦੋ ਹਫ਼ਤਿਆਂ ’ਚ ਦੂਜੀ ਵੱਡੀ ਤਲਾਸ਼ੀ ਮੁਹਿੰਮ ਦੌਰਾਨ ਐਸਪੀ (ਡੀ) ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਪੰਜ ਦਰਜਨ ਤੋਂ ਵੱਧ ਘਰਾਂ ਦੀ ਫਰੋਲਾ-ਫਰਾਲੀ ਦੇ ਬਾਵਜੂਦ ਪੁਲੀਸ ਦੇ ਹੱਥ ਖਾਲੀ ਹਨ।
ਜਾਣਕਾਰੀ ਅਨੁਸਾਰ ਪੱਤੀ ਖਲੀਲ ਦੀ ਬਸਤੀ ਅਚਾਨਕ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਈ ਅਤੇ ਪੁਲੀਸ ਨੇ ਘਰਾਂ ਵਿੱਚ ਦਾਖਲ ਹੋ ਕੇ ਘਰਾਂ ਦੇ ਕਮਰੇ, ਬੈੱਡ, ਅਲਮਾਰੀਆਂ, ਚੁਬਾਰੇ, ਖੁਰਲੀਆਂ ਨੂੰ ਵੀ ਬਰੀਕੀ ਨਾਲ ਫਰੋਲਿਆ ਪਰ ਪੁਲੀਸ ਨੂੰ ਚਿੱਟੇ ਦੀ ਬਰਾਮਦਗੀ ਨਹੀਂ ਹੋ ਸਕੀ। ਐੱਸਐੱਚਓ ਸ਼ੇਰਪੁਰ ਅਮਰੀਕ ਸਿੰਘ ਨੇ ਸੰਪਰਕ ਕਰਨ ’ਤੇ ਚਿੱਟੇ ਦੀ ਬਰਾਮਦਗੀ ਤੋਂ ਇਨਕਾਰ ਕੀਤਾ ਅਤੇ ਦੱਸਿਆ ਕਿ ਕੁਝ ਸ਼ੱਕੀ ਵਿਅਕਤੀ ਗ੍ਰਿਫ਼ਤਾਰ ਕੀਤੇ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇੱਕ ਵੱਖਰੀ ਮੁਹਿੰਮ ਤਹਿਤ ਫੜ੍ਹੇ ਇੱਕ ਵਿਆਕਤੀ ’ਤੇ ਪਰਚਾ ਦਿੱਤਾ ਜਾ ਰਿਹਾ ਹੈ ਜਿਸਦੀ ਲਿਖਤੀ ਜਾਣਕਾਰੀ ਬਾਅਦ ਵਿੱਚ ਮੁਹੱਈਆ ਕਰਵਾ ਦਿੱਤੀ ਜਾਵੇਗੀ।