ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਦਸੰਬਰ
ਪੁਲੀਸ ਕਾਂਸਟੇਬਲ ਭਰਤੀ ਵਿਚ ਕਥਿਤ ਘਪਲੇਬਾਜ਼ੀ ਖ਼ਿਲਾਫ਼ ਭਰਤੀ ਲਈ ਪ੍ਰੀਖਿਆ ਦੇਣ ਵਾਲੀਆਂ ਪੰਜਾਬ ਦੀਆਂ ਧੀਆਂ ਕੜਾਕੇ ਦੇ ਠੰਢ ਦੇ ਬਾਵਜੂਦ ਇੱਥੇ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਰੇਲਵੇ ਓਵਰਬ੍ਰਿਜ ’ਤੇ ਦਿਨ-ਰਾਤ ਦੇ ਪੱਕੇ ਰੋਸ ਧਰਨੇ ’ਤੇ ਡਟੀਆਂ ਹੋਈਆਂ ਹਨ। ਇਸ ਕਾਰਨ ਪਿਛਲੇ ਛੇ ਦਿਨਾਂ ਤੋਂ ਹਾਈਵੇਅ ਉੱਪਰ ਆਵਾਜਾਈ ਠੱਪ ਪਈ ਹੈ। ਓਵਰਬ੍ਰਿਜ ਦੇ ਦੋਵੇਂ ਪਾਸੇ ਲਾਏ ਨਾਕਿਆਂ ’ਤੇ ਪੰਜਾਬ ਪੁਲੀਸ ਤਾਇਨਾਤ ਹੈ। ਸੰਗਰੂਰ ਤੋਂ ਲੁਧਿਆਣਾ ਜਾਣ ਵਾਲੀ ਆਵਾਜਾਈ ਨੂੰ ਵਾਇਆ ਰਾਮਪੁਰਾ-ਗੁਰਦਾਸਪੁਰਾ ਲਿੰਕ ਸੜਕ ਰਾਹੀਂ ਲੰਘਾਇਆ ਜਾਇਆ ਰਿਹਾ ਹੈ।
ਪੰਜਾਬ ਪੁਲੀਸ ਵਿਚ ਕਾਂਸਟੇਬਲ ਭਰਤੀ ਹੋਣ ਦੇ ਚਾਹਵਾਨ ਮੁੰਡੇ-ਕੁੜੀਆਂ ਪਿਛਲੇ ਛੇ ਦਿਨਾਂ ਤੋਂ ਓਵਰਬ੍ਰਿਜ ’ਤੇ ਟੈਂਟ ਲਗਾ ਕੇ ਪੱਕੇ ਮੋਰਚੇ ’ਤੇ ਡਟੇ ਹੋਏ ਹਨ। ਉਨ੍ਹਾਂ ਦੀ ਅਜੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਦੇ ਕਿਸੇ ਨੁਮਾਇੰਦੇ ਵੱਲੋਂ ਕੋਈ ਸੁਣਵਾਈ ਨਹੀਂ ਹੋਈ। ਸਿਰਫ਼ ਪੁਲੀਸ ਅਧਿਕਾਰੀ ਪ੍ਰਸ਼ਾਸਨ ਨਾਲ ਮੀਟਿੰਗਾਂ ਦਾ ਦਿਲਾਸੇ ਜ਼ਰੂਰ ਦੇ ਰਹੇ ਹਨ।
ਇਸ ਦੌਰਾਨ ਮੋਰਚੇ ’ਤੇ ਡਟੀਆਂ ਰਮਨ ਕੌਰ ਗਿੱਲ ਮਾਨਸਾ, ਲਖਵੀਰ ਕੌਰ ਪੇਧਨੀ, ਪੂਜਾ ਮਾਲੇਰਕੋਟਲਾ ਅਤੇ ਜਸਵੀਰ ਕੌਰ ਮਾਲੇਰਕੋਟਲਾ ਆਦਿ ਨੇ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਪਿਛਲੇ ਛੇ ਦਿਨਾਂ ਤੋਂ ਪੰਜਾਬ ਦੀਆਂ ਧੀਆਂ ਦਿਨ-ਰਾਤ ਸੜਕਾਂ ’ਤੇ ਰੁਲ ਰਹੀਆਂ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਦੇ ਕਿਸੇ ਨੁਮਾਇੰਦੇ ਨੇ ਆ ਕੇ ਸਾਰ ਤੱਕ ਨਹੀਂ ਲਈ। ਆਮ ਲੋਕਾਂ ਦਾ ਮੁੱਖ ਮੰਤਰੀ ਹੋਣ ਦੇ ਦਾਅਵੇ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਰਾਤ ਸਮੇਂ ਟੈਂਟ ਹੇਠਾਂ ਠੰਢ ਵਿਚ ਬੈਠੀਆਂ ਧੀਆਂ ਨਜ਼ਰ ਨਹੀਂ ਆ ਰਹੀਆਂ।
ਪੰਜਾਬ ਸੰਘਰਸ਼ ਕਮੇਟੀ ਦੇ ਸੂਬਾ ਆਗੂ ਜਸਪਾਲ ਸਿੰਘ, ਦਵਿੰਦਰ ਧੂਰੀ, ਦਵਿੰਦਰ ਖੰਨਾ, ਮਨਪ੍ਰੀਤ ਸਿੰਘ ਧੂਰੀ, ਸੁੱਖੀ ਗਿੱਲ ਨੇ ਦੱਸਿਆ ਕਿ ਕੱਲ੍ਹ ਡੀਐੱਸਪੀ ਸੰਗਰੂਰ ਨੇ ਧਰਨੇ ਦੌਰਾਨ ਪੁੱਜ ਕੇ ਭਰੋਸਾ ਦਿੱਤਾ ਸੀ ਕਿ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਈ ਜਾਵੇਗੀ। ਅੱਜ ਥਾਣਾ ਇੰਚਾਰਜ ਉਨ੍ਹਾਂ ਨੂੰ ਡੀਸੀ ਦਫ਼ਤਰ ਮੀਟਿੰਗ ਲਈ ਲੈ ਕੇ ਵੀ ਗਏ ਪਰ ਮੀਟਿੰਗ ਨਾ ਹੋਣ ਕਾਰਨ ਨਿਰਾਸ਼ ਹੋ ਕੇ ਵਾਪਸ ਪਰਤੇ ਹਨ। ਉਨ੍ਹਾਂ ਮੰਗ ਕੀਤੀ ਕਿ ਕਾਂਸਟੇਬਲ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ, ਮੈਰਿਟ ਲਿਸਟ ਵਾਲਿਆਂ ਦੇ ਨੰਬਰ ਜਨਤਕ ਕੀਤੇ ਜਾਣ, ਪੰਜਾਬ ਪੁਲੀਸ ਦੇ ਇਸ਼ਤਿਹਾਰ ਅਨੁਸਾਰ 25 ਫ਼ੀਸਦੀ ਐਸਸੀ ਅਤੇ 33 ਫ਼ੀਸਦੀ ਜਰਨਲ ਵਰਗ ਦੀ ਉਮੀਦਵਾਰਾਂ ਨੂੰ ਵੀ ਭਰਤੀ ਟਰਾਇਲ ਲਈ ਬੁਲਾਇਆ ਜਾਵੇ। ਸਬ-ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਇੰਟੈਲੀਜੈਂਸ ਦੇ ਰੱਦ ਕੀਤੇ ਪੇਪਰ ਦੁਬਾਰਾ ਲਏ ਜਾਣ।
ਰੋਸ ਧਰਨੇ ’ਚ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਹੈਪੀ ਸ਼ੇਰੋਂ, ਐਕਸ ਆਰਮੀ ਵੈੱਲਫੇਅਰ ਕਮੇਟੀ ਦੇ ਆਗੂ ਪਰਮਜੀਤ ਸਿੰਘ ਢੀਂਡਸਾ ਅਤੇ ਗੰਨਾ ਸੰਘਰਸ਼ ਕਮੇਟੀ ਦੇ ਹਰਜੀਤ ਸਿੰਘ ਬੁਗਰਾ ਵੀ ਸ਼ਾਮਲ ਹੋਏ।