ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 30 ਅਕਤੂਬਰ
ਪੁਲੀਸ ਵੱਲੋਂ ਉਠਾਏ ਗਏ ਪਿੰਡ ਧਰਮਗੜ੍ਹ ਦੇ ਕਿਸਾਨ ਰੂਪ ਬਸੰਤ ਸਿੰਘ ਦਾ ਕੋਈ ਥਹੁ-ਪਤਾ ਨਾ ਲੱਗਣ ਕਾਰਨ ਪਰਿਵਾਰਕ ਮੈਂਬਰਾਂ ਅਤੇ ਪਰਿਵਾਰ ਦੀ ਹਮਾਇਤ ਵਿਚ ਆਏ ਲੋਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਸੁਨਾਮ ਦੇ ਡੀਐੱਸਪੀ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਲਾਪਤਾ ਹੋਇਆ ਕਿਸਾਨ ਸੁਨਾਮ ਦੇ ਖੇਤੀਬਾੜੀ ਬੈਂਕ ਵਿੱਚ ਕਿਸੇ ਕੰਮ ਲਈ ਗਿਆ ਸੀ ਜਿਉਂ ਹੀ ਉਹ ਬੈਂਕ ਤੋਂ ਬਾਹਰ ਨਿਕਲਿਆ ਤਾਂ ਪੁਲੀਸ ਨੇ ਉਸ ਨੂੰ ਉਠਾ ਲਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਤਰ੍ਹਾਂ ਕਿਸਾਨ ਰੂਪ ਬਸੰਤ ਸਿੰਘ ਨੂੰ ਉਠਾਉਣਾ ਅਤੇ ਪਰਿਵਾਰ ਨੂੰ ਉਸ ਦੀ ਕੋਈ ਇਤਲਾਹ ਨਾ ਦੇਣਾ, ਇਹ ਸਿੱਧ ਕਰਦਾ ਹੈ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਬਿਲਕੁਲ ਠੱਪ ਹੋ ਚੁੱਕੀ ਹੈ। ਆਗੂ ਨੇ ਕਿਹਾ ਕਿ ਜੇਕਰ ਕਿਸਾਨ ਖ਼ਿਲਾਫ਼ ਕੋਈ ਸ਼ਿਕਾਇਤ ਹੈ ਤਾਂ ਪਰਿਵਾਰਕ ਮੈਂਬਰਾਂ ਨੂੰ ਸਪੱਸ਼ਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਿਸਾਨ ਨੂੰ ਅਗਵਾ ਕਰਨ ਦੀ ਕੀਤੀ ਗਈ ਕਾਰਵਾਈ ਬਿਲਕੁਲ ਗ਼ਲਤ ਹੈ।
ਇਸ ਮੌਕੇ ਹਰਪਾਲ ਸਿੰਘ ਪੇਧਨੀ, ਕਿਰਪਾਲ ਸਿੰਘ ਧੂਰੀ, ਰਾਮਸਰਨ ਸਿੰਘ ਉਗਰਾਂਹਾ, ਗੋਬਿੰਦ ਸਿੰਘ ਚੱਠਾ, ਪਰਵਿੰਦਰ ਸਿੰਘ ਗੋਰਾ ਚੱਠਾ, ਰਾਮਪਾਲ ਸੁਨਾਮ, ਜਸਵੀਰ ਕੌਰ ਉਗਰਾਂਹਾ, ਮਨਜੀਤ ਕੌਰ ਤੋਲਾਵਾਲ ਅਤੇ ਪਾਲ ਸਿੰਘ ਦੋਲੇਵਾਲ ਨੇ ਵੀ ਸੰਬੋਧਨ ਕੀਤਾ।
ਉੱਧਰ, ਇਸ ਸਬੰਧੀ ਥਾਣਾ ਸ਼ਹਿਰੀ ਦੇ ਮੁਖੀ ਅਮਨਦੀਪ ਸਿੰਘ ਤ੍ਰਿਖਾ ਨੇ ਕਿਹਾ ਕਿ ਕਿਸਾਨ ਰੂਪ ਬਸੰਤ ਖ਼ਿਲਾਫ਼ ਥਾਣਾ ਧਰਮਗੜ੍ਹ ਵਿੱਚ ਥੋਖਾਧੜੀ ਦਾ ਕੇਸ ਦਰਜ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਥਾਣਾ ਮੁਖੀ ਨੇ ਕਿਹਾ ਕਿ ਪੁਲੀਸ ਵੱਲੋਂ ਫੜੇ ਗਏ ਕਿਸਾਨ ਨਾਲ ਜਥੇਬੰਦੀ ਦੇ ਆਗੂਆਂ ਦੀ ਮੁਲਾਕਾਤ ਕਰਵਾ ਦਿੱਤੀ ਗਈ ਹੈ।
ਕਿਸਾਨ ਖ਼ਿਲਾਫ਼ ਥਾਣਾ ਧਰਮਗੜ੍ਹ ਵਿਚ ਧੋਖਾਧੜੀ ਦਾ ਕੇਸ ਦਰਜ
ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਥਾਣਾ ਧਰਮਗੜ੍ਹ ਦੀ ਪੁਲੀਸ ਨੇ ਪਿੰਡ ਧਰਮਗੜ੍ਹ ਦੇ ਵਸਨੀਕ ਰੂਪ ਬਸੰਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਪੁੱਤਰ ਲੀਲੂ ਰਾਮ ਵਾਸੀ ਪੰਚਕੂਲਾ ਨੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਰੂਪ ਬਸੰਤ ਨਾਲ 64 ਕਨਾਲ ਜ਼ਮੀਨ ਦਾ ਸੌਦਾ 21.70 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤਾ ਸੀ ਅਤੇ ਰੂਪ ਬਸੰਤ ਸਿੰਘ ਨੂੰ 50 ਲੱਖ ਰੁਪਏ 8 ਜਨਵਰੀ ਨੂੰ ਬਿਆਨੇ ਵਜੋਂ ਦਿੱਤੇ ਸਨ ਪਰ ਰੂਪ ਬਸੰਤ ਵੱਲੋਂ ਹੁਣ ਤੱਕ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਗਈ ਅਤੇ ਨਾ ਹੀ ਉਹ ਪੈਸੇ ਵਾਪਸ ਕਰ ਰਿਹਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।