ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ
ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਇਨਕਬਾਲੀ ਸਮਾਗਮ ਦੌਰਾਨ ਕਵੀਆਂ ਵੱਲੋਂ ਇਨਕਲਾਬੀ ਰਚਨਾਵਾਂ ਸੁਣਾਈਆਂ ਗਈਆਂ ਤੇ ਸੈਮੀਨਾਰ ਦੌਰਾਨ ਬੁਲਾਰਿਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਅਹਿਮ ਖੁਲਾਸੇ ਕੀਤੇ ਗਏ। ਦੀ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਦੇ ਆਪਸੀ ਸਬੰਧਾਂ ਦੇ ਖੁਲਾਸੇ ਕੀਤੇ। ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਸ਼ਹੀਦਾਂ ਦੀਆਂ ਰੁਲ ਰਹੀਆਂ ਚੀਜ਼ਾਂ ਨੂੰ ਸਾਂਭਣ ਦੀ ਗੱਲ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਦੇਸ਼ ਦੀ ਨੌਜਵਾਨੀ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ, ਅਜਿਹੇ ’ਚ ਭਗਤ ਸਿੰਘ ਦੀ ਵਿਚਾਰਧਾਰਾ ਦੀ ਸਖਤ ਜ਼ਰੂਰਤ ਹੈ। ਇਸ ਮੌਕੇ ਡੀਟੀਐੱਫ ਦੇ ਜ਼ਿਲ੍ਹਾ ਆਗੂ ਬਲਵੀਰ ਚੰਦ ਲੌਂਗੋਂਵਾਲ ਨੇ ਭਗਤ ਸਿੰਘ ਦੇ ਸੰਘਰਸ਼ਮਈ ਜੀਵਨ ਨਾਲ ਜੁੜੀਆਂ ਅਹਿਮ ਘਟਨਾਵਾਂ ਦੇ ਖੁਲਾਸੇ ਕੀਤੇ। ਸਮਾਗਮ ਦੇ ਦੂਜੇ ਪੜਾਅ ’ਚ ਕਵੀਆਂ ਵੱਲੋਂ ਇਨਕਲਾਬੀ ਰਚਨਾਵਾਂ ਦਾ ਪਾਠ ਕੀਤਾ ਗਿਆ। ਕਵੀ ਦਰਬਾਰ ’ਚ ਸਰੋਕਾਰ ਦੇ ਸੰਪਾਦਕ ਸੁਖਵਿੰਦਰ ਪੱਪੀ, ਸੁਖਜੀਤ ਚੀਮਾ, ਮਿਲਖਾ ਸਿੰਘ ਸਨੇਹੀ, ਕਮਲਦੀਪ ਜਲੂਰ ਨੇ ਕਵਿਤਾਵਾਂ ਪੜ੍ਹੀਆਂ।