ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 28 ਫਰਵਰੀ
ਪਲਾਟਾਂ ਦੀ ਮੰਗ ਲਈ ਮਜ਼ਦੂਰਾਂ ਵੱਲੋਂ ਸੰਘਰਸ਼ ਜਾਰੀ ਹੈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮਜ਼ਦੂਰਾਂ ਦਾ ਵਫਦ ਸੁਨਾਮ ਦੇ ਕਾਰਜਸਾਧਕ ਅਫਸਰ ਨੂੰ ਮਿਲਿਆ। ਇਸ ਸਬੰਧੀ ਜਥੇਬੰਦੀ ਦੇ ਸੂਬਾ ਸਕੱਤਰ ਧਰਮਪਾਲ ਸਿੰਘ ਅਤੇ ਜ਼ਿਲ੍ਹਾ ਆਗੂ ਜਗਦੀਪ ਸਿੰਘ ਕਾਲਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਲਾਟਾਂ ਦੀ ਪ੍ਰਾਪਤੀ ਲਈ ਕਾਫ਼ੀ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਲਾਟਾਂ ਦੀ ਪ੍ਰਾਪਤੀ ਲਈ ਜਥੇਬੰਦੀ ਦੀ ਅਗਵਾਈ ਵਿਚ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਵਾਰ ਵਾਰ ਮਿਲਿਆ ਜਾ ਚੁਕਿਆ ਹੈ ਪਰ ਹਾਲੇ ਤੱਕ ਮਜ਼ਦੂਰਾਂ ਦੀ ਪਲਾਟਾਂ ਦੀ ਮੰਗ ਨੂੰ ਬੂਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਅੱਜ ਕਾਰਜ ਸਾਧਕ ਅਫਸਰ ਨੂੰ ਮਿਲਿਆ ਗਿਆ ਸੀ ਪਰ ਉਕਤ ਅਫਸਰ ਨੇ ਵੀ ਕੋਈ ਦਿਲਚਸਪੀ ਨਹੀਂ ਦਿਖਾਈ। ਆਗੂਆਂ ਕਿਹਾ 2010 ਤੋਂ ਕੋਕੋਮਾਜਰੀ ਵਾਲੀ ਜ਼ਮੀਨ ਪਲਾਟ ਕੱਟਣ ਲਈ ਹੀ ਖਾਲੀ ਰੱਖੀ ਗਈ ਹੈ ਜਿਸ ਤਹਿਤ 2010 ਅੰਦਰ ਨਗਰ ਕੌਂਸਲ ਵੱਲੋਂ ਮਤਾ ਵੀ ਪਾਇਆ ਗਿਆ ਸੀ ਕਿ ਇਸ ਜਗ੍ਹਾ ’ਤੇ ਪਲਾਟ ਕੱਟੇ ਜਾਣ ਪਰ ਹਾਲੇ ਤੱਕ ਪਲਾਟ ਨਹੀਂ ਕੱਟੇ ਗਏ। ਆਗੂਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਾਣ-ਬੁੱਝ ਕੇ ਮਸਲੇ ਨੂੰ ਲਟਕਾਇਆ ਜਾ ਰਿਹਾ ਹੈ। ਇਕ ਪਾਸੇ ਸਰਕਾਰ ਵੱਲੋਂ ਪਲਾਟ ਕੱਟਣ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਪਲਾਟ ਕੱਟਣ ਤੋਂ ਨਾਂਹ ਕੀਤੀ ਜਾ ਰਹੀ ਹੈ। ਆਗੂਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਜਥੇਬੰਦੀ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਾਣੀ ਕੌਰ, ਬੱਗਾ ਸਿੰਘ, ਅਮਰਜੀਤ ਕੌਰ, ਕਾਲੀ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।