ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਮਾਰਚ
ਇਥੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ 169ਵੇਂ ਦਿਨ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪੱਕੇ ਮੋਰਚੇ ਦੌਰਾਨ ਧਰਨਾ ਦੇ ਕੇ ਸ਼ਹੀਦ ਭਗਤ ਸਿੰਘ ਵੱਲੋਂ ਦਿਖਾਏ ਰਾਹ ’ਤੇ ਚੱਲਣ ਲਈ ਅਹਿਦ ਕੀਤਾ ਗਿਆ। ਇਸ ਮੌਕੇ ਬਲਾਕ ਮੀਤ ਪ੍ਰਧਾਨ ਬਹਾਦਰ ਸਿੰਘ ਭੁਟਾਲ ਖੁਰਦ, ਰਾਮਚੰਦ ਸਿੰਘ ਚੋਟੀਆਂ, ਹਰਜਿੰਦਰ ਸਿੰਘ ਨੰਗਲਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਬਿੰਦਰ ਸਿੰਘ ਖੋਖਰ, ਨਿੱਕਾ ਸਿੰਘ ਸੰਗਤੀਵਾਲਾ, ਬਲਜੀਤ ਕੌਰ ਲਹਿਲ ਕਲਾ, ਜਸ਼ਨਦੀਪ ਕੋਰ ਪਿਸ਼ੌਰ ਆਦਿ ਆਗੂਆਂ ਨੇ ਕਿਹਾ ਕਿ ਜੇ ਦੇਸ਼ ਦੇ ਨੌਜਵਾਨਾਂ ਨੇ ਆਪਣੇ ਹੱਕਾਂ ਦੀ ਪੂਰਤੀ ਕਰਨੀ ਹੈ ਤਾਂ ਉਨ੍ਹਾਂ ਨੂੰ ਅੱਜ ਸ਼ਹੀਦ ਭਗਤ ਸਿੰਘ ਦੇ ਵਿਖਾਏ ਰਾਸਤੇ ’ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨੀ ਮੁਲਕ ਦੀ ਰੀੜ ਦੀ ਹੱਢੀ ਹੈ ਜਿਸ ਨੇ ਸ਼ਰੀਰ ਰੂਪੀ ਸਿਸਟਮ ਨੂੰ ਮਜ਼ਬੂਤ ਤੇ ਸੰਚਾਰੂ ਢੰਗ ਨਾਲ ਚਲਾਉਣਾ ਹੁੰਦਾ ਹੈ ਪਰ ਅੱਜ ਦੀ ਨੌਜਵਾਨੀ ਨੂੰ ਸਾਡੇ ਦੇਸ਼ ਦੇ ਅਖੌਤੀ ਆਗੂਆਂ ਨੇ ਆਪਣੇ ਮਨਸੂਬੇ ਪੂਰੇ ਕਰਨ ਲਈ ਪਿੱਛੇ ਲਾਇਆ ਹੋਇਆ ਹੈ ਜਦੋਂਕਿ ਬੇਰੁਜ਼ਗਾਰੀ, ਮਹਿੰਗੀ ਵਿੱਦਿਆ, ਨਸ਼ੇ, ਵਿਦੇਸ਼ੀ ਉਡਾਰੀਆਂ ਸਿਆਸੀ ਚਾਲਬਾਜ਼ਾਂ ਦੀ ਹੀ ਦੇਣ ਹੈ। ਜਾਤ -ਪਾਤ, ਧਰਮ, ਨਸਲ ਦੀਆਂ ਗਰਦਨਾਂ ’ਚ ਪਾਈਆਂ ਜ਼ੰਜੀਰਾਂ ਨੂੰ ਤੋੜ ਇਕ ਚੰਗਾ ਸਮਾਜ ਉਸਾਰਨ ਦਾ ਉਪਰਾਲਾ ਸਾਡੇ ਦੇਸ਼ ਦੇ ਨੌਜਵਾਨਾਂ ਦੇ ਹਿੱਸੇ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦਾ ਖੂਨ ਚੂਸਣ ਲਈ ਨਿਰੋਲ ਭਾਰਤੀ ਨੋਕਰਸ਼ਾਹੀ ਜਾਂ ਸਾਂਝੀ ਰਲ਼ੀ ਮਿਲੀ ਨੌਕਰਸ਼ਾਹੀ ਦੀ ਮਸ਼ੀਨ ਨੂੰ ਵਰਤਣ ਲੱਗੇ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਯੁੱਧ ਪੰਜਾਬ ਤੋਂ ਚੱਲ ਕੇ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚਿਆ ਹੈ। ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀਬਾੜੀ ਵਿਰੋਧੀ ਕਾਨੂੰਨਾਂ ਨੂੰ ਗਲੋਂ ਲਾਹੁਣ ਲਈ ਜਵਾਨੀ ਮਹੀਨਿਆਂ ਤੋਂ ਡਟੀ ਹੋਈ ਤੇ ਇਕ ਦਿਨ ਜ਼ਰੂਰ ਮੋਦੀ ਸਰਕਾਰ ਨੂੰ ਗੋਡਣੀਏ ਕਰੇਗੀ। ਉਨ੍ਹਾਂ ਬਲਾਕ ਦੇ ਨੌਜਵਾਨਾਂ ਨੂੰ 21 ਮਾਰਚ ਨੂੰ ਸੁਨਾਮ ’ਚ ਕੀਤੀ ਜਾ ਰਹੀ ਵਿਸ਼ਾਲ ਰੈਲੀ ’ਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ।
ਧੂਰੀ (ਹਰਦੀਪ ਸਿੰਘ ਸੋਢੀ) ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਦੇ ਟੌਲ ਪਲਾਜ਼ਾ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਦੀ ਅਗਵਾਈ ਵਿੱਚ ਲੱਗਾ ਕਿਸਾਨੀ ਧਰਨਾ ਅੱਜ 169ਵੇਂ ਦਿਨ ਵੀ ਜਾਰੀ ਰਿਹਾ। ਅੱਜ ਵੀ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ 21 ਮਾਰਚ ਨੂੰ ਸੁਨਾਮ ਵਿੱਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਤਿਆਰੀਆਂ ਜ਼ੋਰਾਂ- ਸ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। 26 ਮਾਰਚ ਨੂੰ ਭਾਰਤ ਬੰਦ ਨੂੰ ਕਾਮਯਾਬ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਕਿਸਾਨਾਂ ਨੂੰ ਲੋਕਾਂ ਵੱਲੋਂ ਵਧੀਆ ਹੁੰਗਾਰਾ ਦਿੱਤਾ ਜਾ ਰਿਹਾ ਤੇ ਲੋਕਾਂ ਵੱਲੋਂ ਭਾਜਪਾ ਵਿਰੁੱਧ ਵੋਟਾਂ ਪਾਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ।
ਬਸੰਤੀ ਪੱਗਾਂ ਤੇ ਚੁੰਨੀਆਂ ਲੈ ਕੇ ਨੌਜਵਾਨ 23 ਨੂੰ ਪਹੁੰਚਣਗੇ ਦਿੱਲੀ ਬਾਰਡਰਾਂ ’ਤੇ
ਪਾਤੜਾਂ (ਗੁਰਨਾਮ ਸਿੰਘ ਚੌਹਾਨ) ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਿਰਤੀ ਕਾਲਜ ਨਿਆਲ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਨੁੱਕੜ ਨਾਟਕ ਪੇਸ਼ ਕਰਕੇ ਨੌਜਵਾਨਾਂ ਨੂੰ ਦਿੱਲੀ ਕਿਸਾਨ ਅੰਦੋਲਨ ਵਿਚ ਜਾਣ ਲਈ ਕੀਤਾ ਲਾਮਬੰਦ। ਇਸ ਨਾਟਕ ਰਾਹੀਂ ਸਮਝਾਇਆ ਹੈ ਕਿ ਸਰਕਾਰਾਂ ਵਿਦਿਅਕ ਸੰਸਥਾਵਾਂ ਦਾ ਨਿੱਜੀਕਰਨ ਕਰ ਕੇ ਕਿਵੇਂ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਦੂਰ ਕੀਤਾ ਕਰ ਰਿਹਾ ਹੈ। ਪੀਐੱਸਯੂ ਦੇ ਜ਼ਿਲ੍ਹਾ ਸਕੱਤਰ ਖੁਸ਼ਵਿੰਦਰ ਰਵੀ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਖ਼ਿਲਾਫ਼ ਕਾਰਪੋਰੇਟ ਘਰਾਣਿਆਂ ਮਜ਼ਬੂਤੀ ਲਈ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਖੇਤੀ ਨੂੰ ਬਰਬਾਦ ਕਰਨ ਦਾ ਤਹੱਈਆ ਕੀਤਾ ਹੈ। ਦੇਸ਼ ਭਰ ਦੇ ਕਿਸਾਨ ਸੱਚੀ ਸੁੱਚੀ ਕਿਰਤ ਖੇਤੀ ਨੂੰ ਬਚਾਉਣ ਵਾਸਤੇ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਚੱਲ ਰਹੇ ਹਨ। ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਸਭਾ ਦੀ ਅਗਵਾਈ ਹੇਠ ਨੌਜਵਾਨ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਬਸੰਤੀ ਪੱਗਾਂ ਅਤੇ ਚੁੰਨੀਆਂ ਲੈ ਕੇ ਦਿੱਲੀ ਬਾਰਡਰਾਂ ’ਤੇ 23 ਮਾਰਚ ਨੂੰ ਪਹੁੰਚ ਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣਗੇ। ਇਸ ਮੌਕੇ ਪੀਐੱਸਯੂ ਦੇ ਸੂਬਾਈ ਆਗੂ ਗੁਰਸੇਵਕ ਸੇਬੀ, ਜ਼ਿਲ੍ਹਾ ਆਗੂ ਪਰਦੀਪ ਪੈਂਦ, ਐੱਨਬੀਐਸ ਦੇ ਜ਼ਿਲ੍ਹਾ ਆਗੂ ਦਵਿੰਦਰ ਛਬੀਲਪੁਰ, ਕਾਲਜ ਕਮੇਟੀ ਦੀ ਪ੍ਰਧਾਨ ਹਰਦੀਪ ਕੌਰ, ਨਵਜੋਤ ਕੌਰ, ਰੇਨੂ ਆਦਿ ਹਾਜ਼ਰ ਸਨ।