ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਅਗਸਤ
ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਨੇ ਪੰਜਾਬ ਸਰਕਾਰ ਵੱਲੋਂ ਸੰਗਰੂਰ ਵਿੱਚ ਮੁੱਖ ਮੰਤਰੀ ਨਿਵਾਸ ਅੱਗੋਂ ਧਰਨਾਕਾਰੀਆਂ ਨੂੰ ਜਬਰੀ ਚੁੱਕ ਕੇ ਦੂਰ-ਦੁਰਾਡੇ ਛੱਡਣ, ਟੈਂਟ ਅਤੇ ਹੋਰ ਸਾਮਾਨ ਜ਼ਬਤ ਕਰਨ ਅਤੇ ਧਾਰਾ 144 ਲਾਗੂ ਕਰਕੇ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾਉਣ ਖ਼ਿਲਾਫ਼ ਜਨਤਕ ਲਾਮਬੰਦੀ ਕਰਨ ਦਾ ਫ਼ੈਸਲਾ ਲਿਆ ਹੈ। ਇੱਥੇ ਸਵਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਮਗਰੋਂ ਸਭਾ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਅਤੇ ਪ੍ਰੈੱਸ ਸਕੱਤਰ ਜੁਝਾਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਰਕਾਰ ਦੇ ਲੋਕ ਵਿਰੋਧੀ ਰਵੱਈਏ ਖ਼ਿਲਾਫ਼ ਜਨਤਕ ਜਥੇਬੰਦੀਆਂ ਅਤੇ ਇਨਸਾਫ਼ਪਸੰਦ ਵਿਅਕਤੀਆਂ ਦੀ ਮੀਟਿੰਗ 2 ਸਤੰਬਰ ਨੂੰ ਸੰਗਰੂਰ ਵਿੱਚ ਹੋਵੇਗੀ, ਜਿੱਥੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਦੱਸਿਆ ਕਿ ਥਾਣਾ ਛਾਜਲੀ ਅਧੀਨ ਇਕ ਦਲਿਤ ਨਬਾਲਗ ਲੜਕੀ ਨਾਲ ਪਿਛਲੇ ਦਿਨੀਂ ਹੋਏ ਸਮੂਹਿਕ ਬਲਾਤਕਾਰ ਸਬੰਧੀ ਜਥੇਬੰਦੀਆਂ ਨੇ ਐੱਫਆਈਆਰ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ, ਲੜਕੀ ਦੇ 164 ਅਧੀਨ ਬਿਆਨ ਦੁਬਾਰਾ ਕਰਵਾਉਣ ਲਈ ਯੋਗ ਮਾਹੌਲ ਬਣਾਉਣ ਅਤੇ ਕੇਸ ਵਿੱਚ ਐੱਸਸੀ/ਐੱਸਟੀ ਦੀਆਂ ਧਾਰਾਵਾਂ ਸ਼ਾਮਲ ਕਰਨ ਦੀ ਮੰਗ ’ਤੇ ਕੋਈ ਕਾਰਵਾਈ ਨਾ ਦਾ ਨੋਟਿਸ ਲੈਂਦਿਆਂ ਅਗਲੇ ਸੰਘਰਸ਼ ਦੇ ਐਲਾਨ ਤੋਂ ਪਹਿਲਾਂ ਇਕ ਵਫ਼ਦ ਵਜੋਂ ਸੰਗਰੂਰ ਦੇ ਐੱਸਐੱਸਪੀ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਬਿਲਕੀਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਵੀ ਨਿਖੇਧੀ ਕੀਤੀ।