ਬੀਰਬਲ ਰਿਸ਼ੀ
ਸ਼ੇਰਪੁਰ, 9 ਸਤੰਬਰ
ਪਿੰਡ ਰਾਮਨਗਰ ਛੰਨਾਂ ਦੇ ‘ਦਿ ਲਾਰਡ’ ਪ੍ਰਾਈਵੇਟ ਸਕੂਲ ’ਚ ਬੱਚਿਆਂ ਦੇ ਮਾਪਿਆਂ ਤੋਂ ਜਬਰੀ ਫੀਸ ਵਸੂਲੀ ਦਾ ਮਾਮਲਾ ਉਸ ਸਮੇਂ ਭਖ਼ ਗਿਆ ਜਦੋਂ ਪ੍ਰਬੰਧਕਾਂ ਦੇ ਮਿੰਨਤਾ ਤਰਲੇ ਕਰਨ ਮਗਰੋਂ ਅੱਕੇ ਮਾਪਿਆਂ ਨੇ ਸਕੂਲ ਅੱਗੇ ਰੋਸ ਧਰਨਾ ਦੇ ਦਿੱਤਾ। ਯਾਦ ਰਹੇ ਕਿ ਸਕੂਲ ਮੈਨੇਜਮੈਂਟ ਨੇ ਕਥਿਤ ਤੌਰ ’ਤੇ ਉਚ ਅਦਾਲਤ ਦੇ ਫੈਸਲੇ ਦੀ ਉਡੀਕ ਕੀਤੇ ਬਿਨਾਂ ਫੀਸ ਭਰਨ ਤੋਂ ਅਸਮਰਥ ਕਈ ਮਾਪਿਆਂ ਦੇ ਬੱਚਿਆਂ ਨੂੰ ਆਨਲਾਈਨ ਗਰੁੱਪ ਤੋਂ ਚੁੱਪ-ਚੁਪੀਤੇ ਬਾਹਰ ਦਾ ਰਸ਼ਤਾ ਦਿਖਾ ਦਿੱਤਾ ਜਿਸ ਮਗਰੋਂ ਮਾਪੇ ਗੁੱਸੇ ਵਿੱਚ ਆ ਗਏ। ਪੰਜਾਬ ਪੇਰੈਂਟਸ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਕਿਹਾ ਕਿ ਭਾਵੇਂ ਉੱਚ ਅਦਾਲਤ ਦਾ ਪਹਿਲਾ ਫੈਸਲਾ ਮਾਪਿਆਂ ਵਿਰੁੱਧ ਆਇਆ ਸੀ ਪਰ ਹੁਣ ਡਬਲ ਬੈਂਚ ਅੱਗੇ ਅਪੀਲ ਦੀ ਸੁਣਵਾਈ 21 ਸਤੰਬਰ ਨੂੰ ਹੋਣੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲ ਅਦਾਲਤ ਦੇ ਉਨ੍ਹਾਂ ਹੁਕਮਾਂ ਨੂੰ ਵੀ ਅੱਖੋਂ-ਪਰੋਖੇ ਕਰ ਰਹੇ ਹਨ ਜਿਨ੍ਹਾਂ ਵਿੱਚ ਅਦਾਲਤ ਨੇ ਫੀਸ ਨਾ ਭਰ ਸਕਣ ਵਾਲੇ ਮਾਪਿਆਂ ਨੂੰ ਸਬੰਧਤ ਸਕੂਲ ਨੂੰ ਦਰਖਾਸ਼ਤ ਦੇ ਕੇ ਲੋੜੀਂਦੀ ਫੀਸ ਮੁਆਫ਼ੀ ਲਈ ਹਦਾਇਤ ਕੀਤੀ ਹੈ ਪਰ ਪ੍ਰਾਈਵੇਟ ਸੰਸਥਾਵਾਂ ਨੇ ਮਾਮਲੇ ਨੂੰ ਪੁੱਠਾ ਗੇੜ ਦੇਣ ਲਈ ਮਾਪਿਆਂ ਨੂੰ ਪਰਿਵਾਰ ਦੀਆਂ ਬੈਂਕ ਸਟੇਟਮੈਂਟਾਂ ਸਣੇ ਹੋਰ ਸ਼ਰਤਾਂ ਥੋਪ ਕੇ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸਿੱਖਿਆ ਅਧਿਕਾਰੀਆਂ ’ਤੇ ਵੀ ਪ੍ਰਾਈਵੇਟ ਸੰਸਥਾਵਾਂ ਦੀ ਢਾਲ ਬਣਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਪ੍ਰਾਈਵੇਟ ਸੰਸਥਾਵਾਂ ਨਾਲ ਫੀਸ ਸਬੰਧੀ ਸਮਝੌਤੇ ਲਈ ਵੱਧ ਦਬਾਅ ਬਣਾਉਂਦੇ ਹਨ। ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ ਬਲਾਕ ਸ਼ੇਰਪੁਰ ਦੇ ਜਿਹੜੇ ਸਕੂਲ ਹੁਣ ਤੱਕ ਬਿਨਾਂ ਕੋਈ ਰਸੀਦ ਦਿੱਤਿਆਂ ਮਾਪਿਆਂ ਤੋਂ 80 ਪ੍ਰਤੀਸ਼ਤ ਤੋਂ ਵੱਧ ਫੀਸਾਂ ਭਰਵਾ ਲੈਣ ਤੇ ਉਗਰਾਹੀਆਂ ਫੀਸਾਂ ਨੂੰ ਸਕੂਲ ਦੇ ਸਮੂਹ ਅਧਿਆਪਕਾਂ, ਟਰਾਂਸਪੋਰਟਰਾਂ ਦੇ ਤਨਖਾਹਾਂ ਦੇ ਰੂਪ ’ਚ ਖਾਤਿਆਂ ’ਚ ਪਾਉਣ, ਅਜਿਹੇ ਅਦਾਰਿਆਂ ਨਾਲ ਸਰਕਾਰੀ ਅਧਿਕਾਰੀਆਂ ਦੇ ਨਾਪਾਕ ਗੱਠਜੋੜ ਦੀ ਵਿਜੀਲੈਂਸ ਜਾਂਚ ਕੀਤੀ ਜਾਵੇ। ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਨੇ ਪ੍ਰਾਈਵੇਟ ਫੀਸ ਮਾਮਲੇ ਦੀ ਗੱਲ ਸੁਣਦਿਆਂ ਹੀ ‘ਆਵਾਜ਼ ਨਹੀਂ ਆਉਂਦੀ’ ਕਹਿ ਕੇ ਫੋਨ ਕੱਟ ਦਿੱਤਾ।
ਮਾਪੇ ਘੱਟ ਤੇ ਨੇਤਾਗਿਰੀ ਚਮਕਾਉਣ ਵਾਲੇ ਵੱਧ: ਪ੍ਰਿੰਸੀਪਲ
‘ਦਿ ਲਾਰਡ ਸਕੂਲ’ ਦੇ ਪ੍ਰਿੰਸੀਪਲ ਨੇ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਉਚ ਅਦਾਲਤ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵਚਨਬੱਧ ਹਨ। ਜੋ ਫੀਸ ਸਕੂਲ ਲੈਂਦਾ ਹੈ ਉਸਦੀ ਰਸੀਦ ਦਿੱਤੀ ਜਾਂਦੀ ਹੈ। ਧਰਨੇ ਸਬੰਧੀ ਉਨ੍ਹਾਂ ਕਿਹਾ ਕਿ ਇਸ ਵਿੱਚ ਮਾਪੇ ਘੱਟ ਅਤੇ ਨੇਤਾਗਿਰੀ ਚਮਕਾਉਣ ਵਾਲੇ ਵੱਧ ਸਨ।