ਸੰਗਰੂਰ: ਬੱਚਿਆਂ ਤੇ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਅਤੇ ਸੁਚੱਜੀ ਜੀਵਨ ਜਾਚ ਅਪਨਾਉਣ ਲਈ ਗੁਰੂ ਨਾਨਕ ਮਲਟੀਵਰਸਿਟੀ ਅਤੇ ਐਜੂਕੇਟ ਪੰਜਾਬ ਪ੍ਰਾਜੈਕਟ ਸੰਸਥਾ ਵੱਲੋਂ ਨੇੜਲੇ ਪਿੰਡ ਫ਼ਤਿਹਗੜ੍ਹ ਛੰਨਾ ਵਿੱਚ ਮਨੋਹਰ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ| ਇਸ ਦੌਰਾਨ ਬੱਚਿਆਂ ਨੂੰ ਗੁਰਬਾਣੀ ਉਚਾਰਨ, ਗੁਰਮਤਿ ਸਿਧਾਂਤ, ਸਾਖੀਆਂ ਅਤੇ ਜੀਵਨ ਜਾਂਚ ਸਬੰਧੀ ਜਾਣਕਾਰੀ ਦਿੱਤੀ ਗਈ| ਸੰਸਥਾ ਦੇ ਯੂਥ ਕੌਂਸਲਰ ਭਾਈ ਰਾਜਵੀਰ ਸਿੰਘ ਨੇ ਦੱਸਿਆ ਕਿ ਸੰਸਥਾ ਹਰ ਸਾਲ ਜੂਨ ਮਹੀਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਗੁਰਮਤਿ ਕੈਂਪ ਲਗਾਉਂਦੀ ਹੈ| ਕੈਂਪ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ| ਇਸ ਮੌਕੇ ਰਣਜੀਤ ਕੌਰ, ਗੁਰਮੇਲ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ| -ਪੱਤਰ ਪ੍ਰੇਰਕ