ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਅਕਤੂਬਰ
ਮੁੱਖ ਅੰਸ਼
- ਸੰਗਰੂਰ ਦੇ ਸੁਨਾਮੀ ਗੇਟ ਬਾਜ਼ਾਰ ’ਚ ਤੜਕੇ ਵਾਪਰੀ ਘਟਨਾ
- ਪੁਲੀਸ ਨੇ ਚੋਰੀ ਕਰਨ ਆਏ ਦੋਹਾਂ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ
ਅੱਜ ਤੜਕੇ ਕਰੀਬ ਤਿੰਨ ਵਜੇ ਸ਼ਹਿਰ ਦੇ ਸੁਨਾਮੀ ਗੇਟ ਬਾਜ਼ਾਰ ’ਚ ਸਥਿਤ ਵਿਸਾਖਾ ਰਾਮ ਦੀ ਦੁਕਾਨ ’ਤੇ ਚੋਰੀ ਦੀ ਵਾਰਦਾਤ ਮੌਕੇ ਗੁਆਂਢੀ ਦੁਕਾਨਦਾਰ ਵੱਲੋਂ ਚਲਾਈ ਗੋਲੀ ਕਾਰਨ ਚੋਰੀ ਕਰਨ ਆਇਆ ਹਥਿਆਰਬੰਦ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਜਦੋਂ ਕਿ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਘਟਨਾ ਸਥਾਨ ’ਤੇ ਪੁੱਜ ਕੇ ਮੌਕਾ ਵੇਖਿਆ ਅਤੇ ਦੁਕਾਨਦਾਰਾਂ ਤੋਂ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਚੋਰੀ ਕਰਨ ਆਏ ਦੋਵੇਂ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਥਾਣਾ ਸਿਟੀ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਵਾਸੀ ਪ੍ਰਤਾਪ ਨਗਰ ਸੰਗਰੂਰ ਨੇ ਬਿਆਨ ਦਰਜ ਕਰਵਾਇਆ ਕਿ ਉਨ੍ਹਾਂ ਦੀ ਵਿਸਾਖਾ ਰਾਮ ਦੇ ਨਾਮ ’ਤੇ ਹੋਲ ਸੇਲ ਕਨਫੈਨਸ਼ਰੀ ਦੀ ਦੁਕਾਨ ਸੁਨਾਮੀ ਗੇਟ ਸੰਗਰੂਰ ਵਿੱਚ ਹੈ। ਰਾਤ ਸਮੇਂ ਕਾਮੇ ਦੁਕਾਨ ਵਿੱਚ ਹੀ ਰਹਿੰਦੇ ਹਨ। ਅੱਜ ਸਵੇਰੇ ਕਰੀਬ ਤਿੰਨ ਵਜੇ ਦੁਕਾਨ ’ਤੇ ਕੰਮ ਕਰਦੇ ਨੌਕਰ ਦਾ ਫੋਨ ਆਇਆ ਕਿ ਹੇਠਾਂ ਦੁਕਾਨ ਅੰਦਰ ਚੋਰ ਵੜ ਗਏ ਹਨ, ਜਲਦੀ ਆ ਜਾਓ। ਉਸ ਨੇ ਇਕੱਲਾ ਜਾਣ ਦੀ ਬਜਾਏ ਆਪਣੇ ਦੁਕਾਨ ਦੇ ਗੁਆਂਢੀ ਮਨੀਸ਼ ਕੁਮਾਰ ਨੂੰ ਫੋਨ ਕਰ ਦਿੱਤਾ। ਮੌਕੇ ’ਤੇ ਜਾ ਕੇ ਵੇਖਿਆ ਕਿ ਗੇਟ ਤੋੜ ਕੇ ਚੋਰ ਦੁਕਾਨ ਦੇ ਅੰਦਰ ਵੜੇ ਹੋਏ ਸਨ। ਜਦੋਂ ਉਸ ਨੇ ਤੇ ਮਨੀਸ਼ ਕੁਮਾਰ ਨੇ ਬਾਹਰਲਾ ਗੇਟ ਬੰਦ ਕਰਕੇ ਚੋਰਾਂ ਨੂੰ ਦੁਕਾਨ ਅੰਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਰਪਾਨ ਤੇ ਤਿੱਖੇ ਔਜ਼ਾਰਾਂ ਨਾਲ ਲੈਸ ਦੋਵੇਂ ਵਿਅਕਤੀ ਉਨ੍ਹਾਂ ਵੱਲ ਭੱਜੇ। ਇੱਕ ਨੌਜਵਾਨ ਨੇ ਕਿਰਪਾਨ ਨਾਲ ਦੁਕਾਨ ਦੇ ਮਾਲਕ ਦੇ ਸਿਰ ’ਤੇ ਵਾਰ ਕੀਤਾ ਪਰ ਪਿੱਛੇ ਹਟਣ ਕਾਰਨ ਉਸ ਦਾ ਬਚਾਅ ਹੋ ਗਿਆ। ਫਿਰ ਕਿਰਪਾਨ ਵਾਲਾ ਵਿਅਕਤੀ ਭੱਜਣ ਲੱਗਾ ਤਾਂ ਮਨੀਸ਼ ਕੁਮਾਰ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤਾ ਪਰ ਕਿਰਪਾਨ ਵਾਲਾ ਵਿਅਕਤੀ ਪਿੱਛੇ ਨਹੀਂ ਹਟਿਆ। ਮਨੀਸ਼ ਕੁਮਾਰ ਨੇ ਇੱਕ ਹੋਰ ਫਾਇਰ ਕਿਰਪਾਨ ਵਾਲੇ ਵਿਅਕਤੀ ਦੀ ਦਿਸ਼ਾ ਵਿੱਚ ਧਰਤੀ ’ਤੇ ਕੀਤਾ ਅਤੇ ਛੱਰਾ ਉਸ ਵਿਅਕਤੀ ਦੀ ਲੱਤ ’ਤੇ ਲੱਗਣ ਕਾਰਨ ਉਹ ਹੇਠਾਂ ਡਿੱਗ ਪਿਆ। ਇਸ ਦੌਰਾਨ ਚੋਰੀ ਕਰਨ ਆਇਆ ਦੂਜਾ ਵਿਅਕਤੀ ਮੌਕੇ ਤੋਂ ਹਥਿਆਰ ਸਮੇਤ ਫਰਾਰ ਹੋ ਗਿਆ।
ਚੋਰੀ ਕਰਨ ਆਏ ਜ਼ਖ਼ਮੀ ਸੰਦੀਪ ਕੁਮਾਰ ਵਾਸੀ ਰਾਮ ਨਗਰ ਬਸਤੀ ਅਤੇ ਉਸ ਦੇ ਸਾਥੀ ਸ਼ੰਕਰ ਵਾਸੀ ਡਾ. ਅੰਬੇਦਕਰ ਨਗਰ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।