ਪੱਤਰ ਪ੍ਰੇਰਕ
ਭਵਾਨੀਗੜ੍ਹ, 3 ਸਤੰਬਰ
ਪੈਪਸੀਕੋ ਇੰਡੀਆ ਹੋਲਡਿੰਗਜ਼ ਵਰਕਰਜ਼ ਯੂਨੀਅਨ (ਏਟਕ) ਦੀ ਜਨਰਲ ਬਾਡੀ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਚੰਨੋ ਵਿੱਚ ਹੋਈ। ਮੀਟਿੰਗ ਦੌਰਾਨ ਯੂਨੀਅਨ ਵੱਲੋਂ ਕੀਤੇ ਗਏ ਸਮਝੌਤੇ ਦੀ ਜਿੱਤ ਦੀ ਖੁਸ਼ੀ ਮਨਾਈ ਗਈ। ਪ੍ਰਧਾਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਨੇ ਕਿਹਾ ਕਿ ਯੂਨੀਅਨ ਵੱਲੋਂ ਮੈਨੇਜਮੈਂਟ ਨਾਲ 38 ਮੀਟਿੰਗਾਂ ਅਤੇ 8 ਮੀਟਿੰਗਾਂ ਸਹਾਇਕ ਕਿਰਤ ਕਮਿਸ਼ਨਰ ਸੰਗਰੂਰ ਨਾਲ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿੱਚ ਯੂਨੀਅਨ ਨੇ ਮੈਨੇਜਮੈਂਟ ਨੂੰ ਹਰ ਮਸਲੇ ’ਤੇ ਸੰਤੁਸ਼ਟ ਕਰਵਾਇਆ। ਉੁਨ੍ਹਾਂ ਦੱਸਿਆ ਕਿ ਇਨ੍ਹਾਂ ਯਤਨਾ ਸਦਕਾ ਮੈਨੇਜਮੈਂਟ ਨੇ 14000 ਰੁਪਏ ਦਾ ਵਾਧਾ ਸਮੂਹ ਕਾਮਿਆਂ ਦੀ ਝੋਲੀ ਵਿੱਚ ਪਾਇਆ ਹੈ, ਜੋ ਕਿ 50 ਫੀਸਦੀ ਪਹਿਲੇ ਸਾਲ, 25-25 ਫੀਸਦੀ ਅਗਲੇ ਦੋ ਸਾਲਾਂ ਵਿਚ ਮਿਲੇਗਾ। ਇਸ ਦੌਰਾਨ ਆਗੂਆਂ ਨੇ ਉਪਰੋਤਕ ਮੰਗਾਂ ਮੰਨੇ ਜਾਣ ਤੋਂ ਬਾਅਦ ਲਿਖਤੀ ਸਮਝੌਤੇ ਨੂੰ ਸਮੂਹ ਕਾਮਿਆਂ ਦੀ ਹਾਜ਼ਰੀ ਵਿਚ ਪੜ੍ਹਿਆ, ਜਿਸ ’ਤੇ ਕਾਮਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਗਜ਼ੈਕਟਿਵ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਗੁਰਜੀਤ ਸਿੰਘ, ਸਹਾਇਕ ਸਕੱਤਰ ਰਾਣਾ ਸਿੰਘ ਕਾਲਾਝਾੜ, ਸਹਾਇਕ ਖਜ਼ਾਨਚੀ ਦੀਪਕ ਸਿੰਘ, ਪ੍ਰੈੱਸ ਸਕੱਤਰ ਹਰੀ ਸਿੰਘ, ਦਫ਼ਤਰ ਸਕੱਤਰ ਜਗਪਾਲ ਸਿੰਘ ਤੇ ਦਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।