ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ,11 ਫਰਵਰੀ
ਇੱਥੋਂ ਨੇੜੇ ਗੁਰਦੁਆਰਾ ਸਾਹਿਬ ਪਿੰਡ ਫੱਗੂਵਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਵੋਟਾਂ ਦੇ ਰੌਲੇ ਰੱਪੇ ਦੌਰਾਨ ਯੂਨੀਅਨ ਵੱਲੋਂ ਲੋਕ ਤਾਕਤ ਨੂੰ ਮਜ਼ਬੂਤ ਕਰਨ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਸੂਬਾ ਪ੍ਰਧਾਨ ਸ੍ਰੀ ਉਗਰਾਹਾਂ ਨੇ ਦੱਸਿਆ ਕਿ ਵੋਟ ਭਰਮ ਨੂੰ ਤੋੜੋ, ਲੋਕ ਤਾਕਤ ਜੋੜੋ ਦੇ ਨਾਅਰੇ ਹੇਠ 17 ਫਰਵਰੀ ਨੂੰ ਬਰਨਾਲਾ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਮੌਕੇ ਕਿਸਾਨਾਂ, ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੇ ਬੁਨਿਆਦੀ ਲੋਕ ਮੁੱਦੇ ਉਭਾਰੇ ਜਾਣਗੇ, ਜਿਨ੍ਹਾਂ ਨੂੰ ਸਾਰੀਆਂ ਵੋਟ ਬਟੋਰੂ ਪਾਰਟੀਆਂ ਜਾਣਬੁੱਝ ਕੇ ਰੋਲ਼ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਗੀਰਦਾਰਾਂ ਅਤੇ ਕਾਰਪੋਰੇਟਾਂ ਨੂੰ ਚਲਦਾ ਕਰਕੇ ਨਵਾਂ ਖੇਤੀ ਮਾਡਲ ਲਿਆਉਣ, ਲੋੜਵੰਦ ਮਜ਼ਦੂਰਾਂ ਕਿਸਾਨਾਂ ਦੀ ਜ਼ਮੀਨੀ ਤੋਟ ਪੂਰੀ ਕਰਨ, ਸੂਦ-ਖੋਰੀ ਦਾ ਫ਼ਸਤਾ ਵੱਢਣ, ਸਰਕਾਰੀ ਖਜਾਨੇ ਤੇ ਬੈਂਕਾਂ ਦਾ ਮੂੰਹ ਮਜ਼ਦੂਰਾਂ-ਕਿਸਾਨਾਂ ਲਈ ਖੋਲ੍ਹਣ, ਨਵ-ਉਦਾਰਵਾਦੀ ਨੀਤੀਆਂ ਫੈਸਲਿਆਂ ਨੂੰ ਪੁੱਠਾ ਗੇੜਾ ਦੇ ਕੇ ਰੁਜ਼ਗਾਰ ਉਜਾੜੂ ਨੀਤੀਆਂ ਦਾ ਫਸਤਾ ਵੱਢਣ ਅਤੇ ਰੁਜਗਾਰ ਮੁਖੀ ਮਾਡਲ ਲਿਆਉਣ ਆਦਿ ਮੁੱਦਿਆਂ ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਇਨ੍ਹਾਂ ਮੁੱਦਿਆਂ ‘ਤੇ ਅਮਲ ਕਰਾਉਣ ਲਈ ਦੇਸ਼ ਪੱਧਰੀ ਸਾਂਝੀ ਸੰਘਰਸ਼ ਲਹਿਰ ਉਸਾਰਨ ਲਈ ਸੱਦਾ ਦਿੱਤਾ ਗਿਆ।
ਮੀਟਿੰਗ ਵਿੱਚ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਚੌਕ, ਮੀਤ ਪ੍ਰਧਾਨ ਜਗਤਾਰ ਸਿੰਘ ਲੱਡੀ, ਸੰਗਠਨ ਸਕੱਤਰ ਅਮਨਦੀਪ ਸਿੰਘ ਮਹਿਲਾਂ ਚੌਕ,ਬਲਾਕ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਸ਼ਾਮਲ ਸਨ।