ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਫਰਵਰੀ
ਸੰਗਰੂਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਸ਼ਹਿਰ ਤੇ ਵੱਖ-ਵੱਖ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਤੇ ਇਸ ਵਾਰ ਆਮ ਆਦਮੀ ਪਾਰਟੀ ਲਈ ਇੱਕ ਮੌਕਾ ਮੰਗਿਆ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਦੀ ਸਰਕਾਰ ਨੇ ਨੌਜਵਾਨਾਂ ਦੀਆਂ ਪੱਗਾਂ ਤੇ ਧੀਆਂ-ਭੈਣਾਂ ਦੀਆਂ ਚੁੰਨੀਆਂ ਨੂੰ ਸੜਕਾਂ ’ਤੇ ਰੋਲਿਆ ਹੈ ਉਸ ਪਾਰਟੀ ਨੂੰ ਹੁਣ ਇਹ ਦੱਸਣ ਦਾ ਵਧੀਆ ਮੌਕਾ ਹੈ ਕਿ ਲੋਕਤੰਤਰ ’ਚ ਲੋਕ ਹੀ ਵੱਡੇ ਹੁੰਦੇ ਹਨ। ਭਰਾਜ ਨੇ ਅੱਜ ਜਿਥੇ ਸ਼ਹਿਰ ’ਚ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਉਥੇ ਪਿੰਡ ਥਲੇਸਾਂ, ਗੰਗਾ ਸਿੰਘ ਵਾਲਾ, ਨਾਨਕਪੁਰਾ, ਦੇਹ ਕਲਾਂ, ਰਸਾਲਦਾਰ ਛੰਨਾ ਤੇ ਫਤਹਿਗੜ੍ਹ ਛੰਨਾ ਚ ਇਕੱਠਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ‘ਆਪ’ ਨੇ ਮੁੱਖ ਮੰਤਰੀ ਦਾ ਉਮੀਦਵਾਰ ਇੱਕ ਬੇਦਾਗ ਤੇ ਇਮਾਨਦਾਰ ਭਗਵੰਤ ਮਾਨ ਨੂੰ ਬਣਾਇਆ ਹੈ ਜਦੋਂਕਿ ਕਾਂਗਰਸ ਨੇ ਇੱਕ ਅਜਿਹਾ ਚਿਹਰਾ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਹੈ ਜਿਸਦੇ ਰਿਸ਼ਤੇਦਾਰਾਂ ’ਤੇ ਰੇਤ ਮਾਫ਼ੀਏ ਦੇ ਦੋਸ਼ ਹਨ ਤੇ ਈਡੀ ਨੇ ਉਸਦੇ ਭਾਣਜੇ ਕੋਲੋਂ 8 ਕਰੋੜ ਰੁਪਿਆ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਤੀ ਭਾਂਤ ਜਾਣਦੇ ਹਨ ਕਿ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਕਿਹੜੀ ਪਾਰਟੀ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਤੇ ਪੰਜਾਬ ਨੂੰ ਲੀਹ ’ਤੇ ਲਿਆਉਣ ਲਈ ਇੱਕ ਇਮਾਨਦਾਰ ਸਰਕਾਰ ਦੀ ਲੋੜ ਹੈ ਤੇ ਅਜਿਹੀ ਇਮਾਨਦਾਰ ਸਰਕਾਰ ਸਿਰਫ਼ ‘ਆਪ’ ਹੀ ਦੇ ਸਕਦੀ ਹੈ।