ਪਵਨ ਕੁਮਾਰ ਵਰਮਾ
ਧੂਰੀ, 5 ਫਰਵਰੀ
ਹਲਕਾ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਪਿੰਡ ਸਮੁੰਦਗੜ੍ਹ ਛੰਨਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਪੰਜ ਸਾਲ ਕਾਂਗਰਸ ਦੇ ਰਾਜ ਦਾ ਜੋ ਸੰਤਾਪ ਹੰਢਾਇਆ ਹੈ, ਉਸ ਨੂੰ ਵੇਖਦਿਆਂ ਲੋਕ ਇਹ ਫੈਸਲਾ ਸਹਿਜੇ ਕਰ ਸਕਦੇ ਹਨ ਕਿ ਅਕਾਲੀ ਅਤੇ ਬਸਪਾ ਦਲ ਹੀ ਸੂਬੇ ਦੇ ਲੋਕਾਂ ਦੀ ਸਹੀ ਤਰਜ਼ਮਾਨੀ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸੂਬੇ ਨੂੰ ਭ੍ਰਿਸ਼ਟਾਚਾਰ, ਨਸ਼ੇ ਅਤੇ ਬੇਰੁਜ਼ਗਾਰੀ ਦੇ ਦੈਂਤ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ ਤੇ ਕਾਂਗਰਸ ਦੀ ਸਰਕਾਰ ਵਿੱਚ ਚੁਣੇ ਹੋਏ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਪੂਰੇ ਪੰਜ ਸਾਲ ਆਪਣੇ ਘਰ ਭਰੇ ਹਨ ਤੇ ਲੋਕਾਂ ਦੇ ਘਰ ਬਰਬਾਦ ਕੀਤੇ ਹਨ| ਲੋਕ ਚੋਣਾਂ ਵਿੱਚ ਅਕਾਲੀ ਦਲ ਤੇ ਬਸਪਾ ਦੇ ਹੱਕ ਵਿੱਚ ਫ਼ਤਵਾ ਦੇ ਕੇ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣਗੇ| ਇਸ ਮੌਕੇ ਜਸਵਿੰਦਰ ਕੌਰ ਖ਼ਾਲਸਾ, ਪ੍ਰਧਾਨ ਇਸਤਰੀ ਅਕਾਲੀ ਦਲ ਹਲਕਾ ਧੂਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਹਰ ਵਰਗ ਦੀ ਹਮਾਇਤੀ ਹੈ| ਸਵੇਰੇ ਬਾਬੂ ਪ੍ਰਕਾਸ਼ ਚੰਦ ਗਰਗ ਨੇ ਧੂਰੀ ’ਚ ਹੁੰਦੇ ਬਸੰਤ ਪੰਚਮੀ ਦੇ ਮੇਲੇ ਵਿੱਚ ਬੰਸਰੀ ਵਾਲੇ ਬਾਬੇ ਦੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਤੋਂ ਬਾਅਦ ਪਿੰਡ ਬੁਰਜ ਸੇਢਾ, ਬੁਰਜ ਗੋਹਰਾ, ਚੀਮਾਂ, ਮੀਮਸਾ, ਸ਼ੇਰਪੁਰ ਸੋਢੀਆਂ, ਮਾਨਾਂ, ਈਸੀ ਅਤੇ ਬਰੜਵਾਲ ਵਿੱਚ ਪ੍ਰਚਾਰ ਕੀਤਾ।