ਬੀਰਬਲ ਰਿਸ਼ੀ
ਸ਼ੇਰਪੁਰ, 13 ਸਤੰਬਰ
ਪਿੰਡ ਅਲਾਲ ਵਿਖੇ ਪਰਚੂਨ ਦੀ ਦੁਕਾਨ ’ਤੇ ਮੋਬਾਇਲ ਰੀਚਾਰਜ ਕਰਨ ਦਾ ਕੰਮ ਕਰਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਇੰਦਰਜੀਤ ਸਿੰਘ ਨੂੰ ਬਰਨਾਲਾ ਸਿਟੀ ਪੁਲੀਸ ਵੱਲੋਂ ਚੁੱਕ ਕੇ ਲਿਜਾਣ ਮਗਰੋਂ ਪਿੰਡ ਵਾਸੀਆਂ ਨੇ ਰਣੀਕੇ ਚੌਕੀ ਅੱਗੇ ਧਰਨਾ ਦਿੱਤਾ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪੁਲੀਸ ਫੜ੍ਹੇ ਨੌਜਵਾਨ ਨੂੰ ਬਿਨਾ ਸ਼ਰਤ ਤੁਰੰਤ ਰਿਹਾਅ ਕਰੇ, ਪੰਚਾਇਤ ਤੇ ਇਲਾਕਾ ਪੁਲੀਸ ਨੂੰ ਦੱਸੇ ਬਿਨਾਂ ਨੌਜਵਾਨ ਨੂੰ ਚੁੱਕ ਕੇ ਲਿਜਾਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਪਿੰਡ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਅਲਾਲ, ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬੁਗਰਾ, ਬੀਕੇਯੂ ਰਾਜੇਵਾਲ ਯੂਥ ਵਿੰਗ ਦੇ ਜਨਰਲ ਸਕੱਤਰ ਕਰਮਜੀਤ ਸਿੰਘ, ਕਿਸਾਨ ਆਗੂ ਬਾਬੂ ਸਿੰਘ ਮੂਲੋਵਾਲ ਨੇ ਦਾਅਵਾ ਕੀਤਾ ਕਿ ਮਜ਼ਦੂਰ ਪਰਿਵਾਰ ਨਾਲ ਸਬੰਧਤ ਉਕਤ ਨੌਜਵਾਨ ਨੂੰ ਪੁਲੀਸ ਵੱਲੋਂ ਚੁੱਕੇ ਜਾਣ ਦਾ ਢੰਗ ਤਰੀਕਾ ਗਲਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਨੌਜਵਾਨ ਦਾ ਅਪਰਾਧੀ ਰਿਕਾਰਡ ਨਹੀਂ ਸਗੋਂ ਲੋਕਾਂ ਵਿੱਚ ਉਸ ਦੀ ਬਹੁਤ ਵਧੀਆ ਦਿੱਖ ਹੈ ਅਤੇ ਪੁਲੀਸ ਵੱਲੋਂ ਕੀਤੀ ਇਸ ਕਾਰਵਾਈ ਨਾਲ ਪੀੜਤ ਦਾ ਪਰਿਵਾਰ ਸਦਮੇ ਵਿੱਚ ਹੈ। ਰਣੀਕੇ ਚੌਕੀ ਦੇ ਇੰਚਾਰਜ ਜਗਤਾਰ ਸਿੰਘ ਨੇ ਭਾਵੇਂ ਦੁਪਹਿਰ ਸਮੇਂ ਧਰਨਾਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਧਰਨਾਕਾਰੀਆਂ ਨੇ ਨੌਜਵਾਨ ਦੀ ਰਿਹਾਈ ਤੋਂ ਬਿਨਾ ਧਰਨਾ ਚੁੱਕਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ। ਸਾਬਕਾ ਸਰਪੰਚ ਸਰਬਜੀਤ ਸਿੰਘ ਅਲਾਲ ਨੇ ਸ਼ਾਮ ਸਾਢੇ ਛੇ ਵਜੇ ਰਣੀਕੇ ਚੌਕੀ ਇੰਚਾਰਜ ਵੱਲੋਂ ਨੌਜਵਾਨ ਦੀ ਅੱਜ ਹੀ ਰਿਹਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾਉਣ ਦਾ ਦਾਅਵਾ ਕੀਤਾ ਜਦੋਂ ਕਿ ਚੌਕੀ ਇੰਚਾਰਜ ਜਗਤਾਰ ਸਿੰਘ ਨੇ ਕਿਹਾ ਕਿ ਧਰਨਾਕਾਰੀ ਜਾ ਚੁੱਕੇ ਹਨ ਕਿਉਂਕਿ ਇਸ ਵਿੱਚ ਲੋਕਲ ਪੁਲੀਸ ਦਾ ਕੋਈ ਰੋਲ ਨਹੀਂ। ਸਿਟੀ ਬਰਨਾਲਾ ਦੇ ਐਸਐਚਓ ਬਲਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕੇਸ ’ਚ ਸੰਗੀਨ ਧਾਰਾਵਾਂ ਦੇ ਮਾਮਲੇ ਵਿੱਚ ਗੈਂਗਸਟਰਾਂ ਸਬੰਧੀ ਲਿੰਕ ਮਿਲਿਆ ਜਿਸ ਸਬੰਧੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਗ੍ਰਿਫ਼ਤਾਰੀ ਸਬੰਧੀ ਮੁਲਜ਼ਮ ਦੀ ਮਾਤਾ ਨੂੰ ਜਾਣਕਾਰੀ ਦਿੱਤੀ ਗਈ ਸੀ।
ਅੰਤਰਰਾਸ਼ਟਰੀ ਨੰਬਰਾਂ ਤੋਂ ਫਿਰੌਤੀ ਮੰਗਣ ਵਾਲਿਆਂ ਦੇ ਤਾਰ ਮੂਲੋਵਾਲ ਪਿੰਡ ਨਾਲ ਜੁੜੇ
ਪੁਲੀਸ ਸੂਤਰਾਂ ਅਨੁਸਾਰ ਅੰਤਰਰਾਸ਼ਟਰੀ ਨੰਬਰਾਂ ਤੋਂ ਕਾਲਾਂ ਕਰਕੇ ਫਿਰੌਤੀ ਮੰਗਣ ਵਾਲਿਆਂ ਦੇ ਤਾਰ ਬਲਾਕ ਸ਼ੇਰਪੁਰ ਦੇ ਪਿੰਡ ਮੂਲੋਵਾਲ ਦੇ ਨਾਲ ਜੁੜਦੇ ਵਿਖਾਈ ਦੇ ਰਹੇ ਹਨ। ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਬਰਨਾਲਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਵੀ ਖ਼ਬਰ ਹੈ।
ਦੇਰ ਸ਼ਾਮ ਘਰ ਪਰਤਿਆ ਨੌਜਵਾਨ
ਸਾਬਕਾ ਸਰਪੰਚ ਸਰਬਜੀਤ ਸਿੰਘ ਅਲਾਲ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਸਿਟੀ ਪੁਲੀਸ ਬਰਨਾਲਾ ਵੱਲੋਂ ਅੱਜ ਸਵੇਰ ਸਮੇਂ ਪਿੰਡ ਅਲਾਲ ਤੋਂ ਚੁੱਕਿਆ ਨੌਜਵਾਨ ਇੰਦਰਜੀਤ ਸਿੰਘ ਦੇਰ ਸ਼ਾਮ ਛੱਡ ਦੇਣ ਮਗਰੋਂ ਘਰ ਪਰਤ ਆਇਆ ਹੈ। ਸਾਬਕਾ ਸਰਪੰਚ ਨੇ ਇਸ ਰਿਹਾਈ ਨੂੰ ਲੋਕ ਏਕੇ ਦੀ ਜਿੱਤ ਗਰਦਾਨਿਆ।