ਨਿਜੀ ਪੱਤਰ ਪ੍ਰੇਰਕ
ਸੰਗਰੂਰ, 26 ਸਤੰਬਰ
ਇਥੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਹ ਲਗਾਤਾਰ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰ ਕੇ ਆਪਣੇ ਹੱਕ ਵਿੱਚ ਸਮਰਥਨ ਜੁਟਾ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਦਿਨੇਸ਼ ਬਾਂਸਲ ਨੇ ਇਥੋਂ ਦੇ ਇਕ ਹੋਟਲ ਵਿੱਚ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਦਿਨੇਸ਼ ਬਾਂਸਲ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇਸ਼ ਦੇ ਇੱਕੋ ਇੱਕ ਅਜਿਹੇ ਆਗੂ ਹਨ ਜੋ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਮੌਕਾਪ੍ਰਸਤ ਹੋ ਨਬਿੜੀਆਂ ਹਨ। ਇਨ੍ਹਾਂ ਤੋਂ ਪੰਜਾਬ ਦੇ ਲੋਕ ਅੱਕ ਚੁੱਕੇ ਹਨ ਅਤੇ ਉਹ ‘ਆਪ ’ ਨੂੰ ਮੌਕਾ ਦੇਣਾ ਚਾਹੁੰਦੇ ਹਨ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸ ਸਰਕਾਰ ’ਚ ਮੁੱਖ ਮੰਤਰੀ ਜਾਂ ਕੈਬਨਿਟ ਮੰਤਰੀਆਂ ਦੇ ਚਿਹਰੇ ਬਦਲਣ ਨਾਲ ਰਾਜਨੀਤੀ ਨਹੀਂ ਬਦਲੇਗੀ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਸਰਕਾਰ ਦੇ ਕਾਰਜਕਾਲ ਦਾ ਆਖਰੀ ਸਮਾਂ ਹੈ। ਜਿਹੜੀ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਵਿਚ ਲੋਕਾਂ ਦਾ ਕੁੱਝ ਨਹੀਂ ਸੰਵਾਰ ਸਕੀ, ਉਹ ਚਾਰ ਮਹੀਨਿਆਂ ’ਚ ਕੀ ਸੰਵਾਰੇਗੀ। ਉਨ੍ਹਾਂ ਪਾਰਟੀ ਵਲੰਟੀਅਰਾਂ ਨੂੰ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦਾ ਡਟਵਾਂ ਸਾਥ ਦੇਣ ਦਾ ਸੱਦਾ ਦਿੱਤਾ ਅਤੇ ਭਲਕੇ 27 ਸਤੰਬਰ ਦੇ ਭਾਰਤ ਬੰਦ ਦੀ ਹਮਾਇਤ ਕੀਤੀ। ਇਸ ਮੌਕੇ ਪਾਰਟੀ ਆਗੂ ਗੁਰਪ੍ਰੀਤ ਸਿੰਘ ਆਲੋਅਰਖ, ਗੁਰਦੀਪ ਸਿੰਘ ਫੱਗੂਵਾਲਾ, ਫਾਊਂਡਰ ਮੈਂਬਰ ਇੰਦਰਪਾਲ ਸਿੰਘ ਖਾਲਸਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।