ਨਿੱਜੀ ਪੱਤਰ ਪ੍ਰੇਰਕ
ਧੂਰੀ, 12 ਅਪਰੈਲ
ਸਾਹਿਤ ਸਭਾ ਧੂਰੀ ਵੱਲੋਂ ਭਾਸ਼ਾ ਵਿਭਾਗ ਪੰਜਾਬ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਪੁਸਤਕ ਲੋਕ ਅਰਪਣ, ਰੂਬਰੂ ਸਮਾਗਮ ਅਤੇ ਕਵੀ ਦਰਬਾਰ ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਦਫ਼ਤਰ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ, ਲੇਖਕ ਬਲਵਿੰਦਰ ਸਿੰਘ ਸੋਢੀ, ਭਾਸ਼ਾ ਵਿਭਾਗ ਸੰਗਰੂਰ ਵੱਲੋਂ ਹਾਕਮ ਸਿੰਘ, ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸ਼ਰਮਾ ਨਾਗਰਾ ਅਤੇ ਲੈਕਚਰਾਰ ਸੁਰਿੰਦਰਪਾਲ ਕੌਰ ਰਸੀਆ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਗੁਲਜ਼ਾਰ ਸਿੰਘ ਸ਼ੌਂਕੀ ਦੀ ਪੁਸਤਕ ‘ਕਵਿਤਾ ਦੀ ਆਤਮਾ’ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਬਾਰੇ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਭਰਪੂਰ ਜਾਣਕਾਰੀ ਦਿੰਦਿਆਂ ਲੇਖਕ ਨੂੰ ਵਧਾਈ ਦਿੱਤੀ। ਰੂਬਰੂ ਸਮਾਗਮ ਦੌਰਾਨ ਬਲਵਿੰਦਰ ਸਿੰਘ ਸੋਢੀ ਨੇ ਪੁੱਛੇ ਸਵਾਲਾਂ ਦੇ ਜਵਾਬ ਬੜੇ ਹੀ ਭਾਵਪੂਰਤ ਢੰਗ ਨਾਲ ਦਿੱਤੇ। ਪ੍ਰਧਾਨਗੀ ਮੰਡਲ ਵੱਲੋਂ ਗੁਲਜ਼ਾਰ ਸਿੰਘ ਸ਼ੌਂਕੀ, ਬਲਵਿੰਦਰ ਸਿੰਘ ਸੋਢੀ ਅਤੇ ਹਾਕਮ ਸਿੰਘ ਨੂੰ ਲੋਈ ਅਤੇ ਕਿਤਾਬਾਂ ਦੇ ਕੇ ਸਨਮਾਨਤ ਕੀਤਾ ਗਿਆ।