ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਸਤੰਬਰ
ਇਥੇ 2015 ’ਚ ਰੇਲਵੇ ਵਿਭਾਗ ਵੱਲੋਂ ਬੱਸ ਅੱਡੇ ਵਾਲੀ ਸਾਇਡ ’ਤੇ ਆਵਾਜਾਈ ਦੇ ਲੰਘਣ ਲਈ ਬਣਾਏ ਜ਼ਮੀਨਦੋਜ਼ ਪੁਲ ਦੇ ਅੰਦਰ ਪੁਲ ਰੇਲਵੇ ਲਾਇਨ ਤੋਂ ਕਰੀਬ ਵੀਹ ਫੁੱਟ ਨੀਵਾਂ ਹੈ। ਲੰਘੀ ਸ਼ਾਮ ਲਗਾਤਾਰ ਤਿੰਨ ਘੰਟੇ ਹੋਈ ਬਾਰਸ਼ ਦਾ ਪਾਣੀ ਪੁਲ ਵਿੱਚ ਕਈ ਕਈ ਫੁੱਟ ਤੱਕ ਮੀਂਹ ਦਾ ਪਾਣੀ ਖੜ੍ਹਨ ਕਰਕੇ ਮੂੰਹ ਤੱਕ ਭਰਨ ਕਰਕੇ ਕਈ ਵਾਹਨ, ਬੱਸ ਆਦਿ ਫਸ ਗਏ ਸਨ। ਪੇਂਡੂ ਤੇ ਸ਼ਹਿਰੀ ਵਿਕਾਸ ਨਿਗਰਾਨ ਸੁਸਾਇਟੀ ਦੇ ਪ੍ਰਧਾਨ ਦੀਪਕ ਜੈਨ ਨੇ ਦੱਸਿਆ ਕਿ ਸ਼ਹਿਰ ’ਚੋਂ ਬੱਸ ਅੱਡੇ ਨੂੰ ਜਾਂਦੀ ਇੱਕੋ ਇੱਕ ਮੁੱਖ ਸੜਕ ਰੇਲਵੇ ਜ਼ਮੀਨਦੋਜ ਪੁਲ ਤੋਂ ਸ਼ਹਿਰ ਵਾਲੇ ਪਾਸੇ ਅਨਾਜ ਮੰਡੀ ਤੱਕ ਦਾ ਮੁੱਖ ਰਸਤਾ ਹੈ ਕਿਉਂਕਿ ਰੇਲਵੇ ਲਾਈਨ ਸ਼ਹਿਰ ਨੂੰ ਵਿੱਚਕਾਰੋਂ ਕੱਟਦੀ ਹੈ ਤੇ ਮੰਡੀ ਵਾਲੀ ਸਾਈਡ ਛੇ ਤੇ ਦੂਜੇ ਪਾਸੇ ਨੌਂ ਵਾਰਡ ਹਨ ਜਿਸ ਕਾਰਨ ਲੋਕਾਂ ਨੂੰ ਪੈਦਲ, ਵਾਹਨਾਂ ਰਾਹੀਂ ਲੰਘਣਾ ਪੈਂਦਾ ਹੈ। ਇਸ ਜ਼ਮੀਨਦੋਜ਼ ਪੁਲ ’ਚ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਹਰੇਕ ਬਾਰਸ਼ ਮਗਰੋਂ ਨੀਵੇਂ ਪੁਲ ’ਚ ਪਾਣੀ ਖੜ੍ਹ ਜਾਂਦਾ ਹੈ।
ਨਗਰ ਕੌਂਸਲ ਦੀ ਮੁੱਖ ਪ੍ਰਸ਼ਾਸਕ ਤੇ ਐੱਸਡੀਐੱਮ ਸੂਬਾ ਸਿੰਘ ਤੇ ਜਸਵੀਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਪੁਲ ਦੇ ਪਾਣੀ ਦੇ ਨਿਕਾਸ ਲਈ ਰੇਲਵੇ ਵਿਭਾਗ ਨੇ ਤਿੰਨ ਡੂੰਘੇ ਖੂਹ ਬਣਾਏ ਸਨ ਤੇ ਨਗਰ ਕੌਂਸਲ ਵੱਲੋਂ ਖੂਹਾਂ ’ਚ ਪਾਣੀ ਰੀਚਾਰਜ ਕਰਨ ਲਈ ਤਿੰਨ ਲੱਖ ਦੇ ਟੈਂਡਰ ਲਾਏ ਜਾ ਰਹੇ ਹਨ ਤਾਂ ਜੋ ਮੁੜ ਮੁਸ਼ਕਲ ਨਾ ਆਵੇ।