ਬੀਰਬਲ ਰਿਸ਼ੀ
ਸ਼ੇਰਪੁਰ, 3 ਜੁਲਾਈ
ਬਲਾਕ ਸ਼ੇਰਪੁਰ ਨਾਲ ਸਬੰਧਿਤ ਲੋਕ ਟੁੱਟੀਆਂ ਸੜਕਾਂ ਕਾਰਨ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਸੜਕਾਂ ’ਤੇ ਪਏ ਟੋਇਆਂ ਕਾਰਨ ਜਿੱਥੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਅਕਸਰ ਹਾਦਸੇ ਵੀ ਵਾਪਰਦੇ ਹਨ। ਇਸ ਕਾਰਨ ਕਈ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ। ਇਨ੍ਹੀਂ ਦਿਨੀਂ ਮੀਂਹ ਪੈਣ ਕਾਰਨ ਸੜਕਾਂ ’ਤੇ ਪਏ ਟੋਇਆਂ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਦੋ ਪਹੀਆ ਵਾਹਨ ਚਾਲਕ ਡਿੱਗ ਰਹੇ ਹਨ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਤੁਰੰਤ ਸੜਕਾਂ ਦੀ ਮੁੜ ਉਸਾਰੀ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦੇ ਕਈ ਪਿੰਡਾਂ ਨਾਲ ਸਬੰਧਿਤ ਸ਼ੇਰਪੁਰ-ਧੂਰੀ ਮੁੱਖ ਸੜਕ ਜੋ ਤਕਰੀਬਨ ਸੱਤ ਕੁ ਸਾਲ ਪਹਿਲਾਂ ਬਣੀ ਸੀ। 18 ਕਿਲੋਮੀਟਰ ਵਿੱਚ ਡੇਢ ਦਰਜਨ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਸੜਕ ਦੀ ਹਾਲਤ ਤਰਸਯੋਗ ਬਣ ਗਈ ਹੈ। ਸ਼ੇਰਪੁਰ ਦੇ ਕਾਤਰੋਂ ਚੌਕ ਵਿੱਚ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਹਾਦਸਿਆਂ ਦਾ ਕਾਰਨ ਬਣਦੇ ਵੱਡੇ ਟੋਏ ਨੂੰ ਆਪਣੇ ਪੱਧਰ ’ਤੇ ਬਜਰੀ ਅਤੇ ਸੀਮਿੰਟ ਨਾਲ ਭਰ ਦਿੱਤਾ ਹੈ। ਪਿੰਡ ਘਨੌਰੀ ਕਲਾਂ ਵਿੱਚ ਟੁੱਟੀ ਸੜਕ ’ਤੇ ਮੀਂਹ ਦਾ ਪਾਣੀ ਭਰ ਜਾਣ ਨਾਲ ਲੋਕਾਂ ਦਾ ਲੰਘਣਾ ਦੁੱਭਰ ਹੋ ਜਾਂਦਾ ਹੈ। ਜਹਾਂਗੀਰ-ਕਹੇਰੂ ਦਰਮਿਆਨ ਪੈਂਦੇ ਸਕੂਲ ਨੇੜੇ ਸੜਕ ਦੇ ਡੂੰਘੇ ਟੋਇਆ ਤੋਂ ਲੰਘਣ ਮੌਕੇ ਲੋਕ ਵਿਭਾਗਾਂ ਦੀ ਕਾਰਗੁਜ਼ਾਰੀ ਨੂੰ ਕੋਸਦੇ ਹਨ।
ਇਸੇ ਤਰ੍ਹਾਂ ਸ਼ੇਰਪੁਰ ਤੋਂ ਵਾਇਆ ਖੇੜੀ, ਨੰਗਲ ਟੁੱਟੀ ਸੜਕ ਦੇ ਟੋਏ ਭਰਨ ਲਈ ਵੀ ਲੋਕ ਕਈ ਵਾਰ ਮੰਗ ਕਰ ਚੁੱਕੇ ਹਨ ਪਰ ਸੁਣਵਾਈ ਕੋਈ ਨਹੀਂ ਹੋਈ। ਹਲਕਾ ਮਹਿਲ ਕਲਾਂ ਦੇ ਪਿੰਡਾਂ ਨਾਲ ਸਬੰਧਤ ਸ਼ੇਰਪੁਰ ਤੋਂ ਸੰਘੇੜਾ ਵਾਇਆ ਝਲੂਰ ਸੜਕ ਦੀ ਮਾੜੀ ਹਾਲਤ ਕਾਰਨ ਲੋਕ ਬਦਲਵੀਆਂ ਸੜਕਾਂ ਰਾਹੀਂ ਆਉਣ-ਜਾਣ ਲਈ ਮਜਬੂਰ ਹਨ। ਸ਼ੇਰਪੁਰ ਤੋਂ ਰਾਮਨਗਰ ਛੰਨਾ ਦੀ ਟੁੱਟੀ ਸੜਕ ਬਣਾਉਣ ਲਈ ਲੋਕ ਕਈ ਵਾਰ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਪਿੰਡ ਅਲਾਲ ਦੇ ਹੇੜੀਕੇ ਪਿੰਡ ਵਾਲੇ ਰੇਲਵੇ ਫਾਟਕ ਤੋਂ ਸਟੇਸ਼ਨ ਨੇੜਲੇ ਰੇਲਵੇ ਫਾਟਕ ਤੱਕ ਸੜਕ ਦੀ ਹਾਲਤ ਵੀ ਮਾੜੀ ਹੈ।
ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਨੇ ਇਨ੍ਹਾਂ ਸੜਕਾਂ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਭੇਜ ਕੇ ਸੜਕਾਂ ਬਣਾਏ ਜਾਣ ਦੀ ਕੀਤੀ ਮੰਗ ਕੀਤੀ ਹੈ।
ਸ਼ੇਰਪੁਰ-ਸੰਘੇੜਾ ਸੜਕ ਪਾਸ ਹੋ ਚੁੱਕੀ ਹੈ: ਪੰਡੋਰੀ
ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਜਿਹੜੀਆਂ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਸੜਕਾਂ ਦਾ ਜ਼ਿਕਰ ਹੈ, ਉਨ੍ਹਾਂ ਵਿੱਚੋਂ ਸ਼ੇਰਪੁਰ-ਸੰਘੇੜਾ 18 ਫੁੱਟੀ ਸੜਕ ਪਾਸ ਹੋ ਚੁੱਕੀ ਹੈ ਅਤੇ ਦੂਜੀਆਂ ਸੜਕਾਂ ਵੀ ਜਲਦ ਬਣਨਗੀਆਂ।
ਧੂਰੀ-ਸ਼ੇਰਪੁਰ ਸੜਕ ਦਾ ਕੰਮ ਪ੍ਰਕਿਰਿਆ ਅਧੀਨ: ਐਸਡੀਐਮ
ਐੱਸਡੀਐੱਮ ਧੂਰੀ ਅਮਿਤ ਗੁਪਤਾ ਨੇ ਦੱਸਿਆ ਕਿ ਹਲਕਾ ਧੂਰੀ ਨਾਲ ਸਬੰਧਿਤ ਧੂਰੀ-ਸ਼ੇਰਪੁਰ ਸੜਕ ਸੈਂਟਰਲ ਰੋਡ ਫੰਡ ਅਧੀਨ ਚੌੜੀ ਕਰਨ ਤੇ ਨਵੀਂ ਬਣਾਏ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ।