ਬੀਰਬਲ ਰਿਸ਼ੀ
ਸ਼ੇਰਪੁਰ, 25 ਜਨਵਰੀ
ਹਲਕਾ ਮਹਿਲ ਕਲਾਂ ਦੇ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਅਲੀਪੁਰ ਖਾਲਸਾ ਵਿੱਚੋਂ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਪਿੰਡਾਂ ਦੇ ਆਲੇ-ਦੁਆਲੇ ਦੀਆਂ ਟੁੱਟੀਆਂ ਸੜਕਾਂ ਤੋਂ ਪਿੰਡ ਦੇ ਲੋਕ ਪ੍ਰੇਸ਼ਾਨ ਹਨ। ਪਿੰਡ ਦੇ ਕਾਂਗਰਸੀ ਸਰਪੰਚ ਗੁਰਦੀਪ ਸਿੰਘ ਅਲੀਪੁਰ ਨੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਾਤਰੋਂ ਤੋਂ ਵਾਇਆ ਅਲੀਪੁਰ ਹੋ ਕੇ ਕੁਠਾਲਾ ਨਾਲ ਜੋੜਦੀ ਸੜਕ ਇੰਨੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਕਿ ਤਕਰੀਬਨ ਡੇਢ ਸਾਲ ਤੋਂ ਬੱਸਾਂ 66 ਕੇਵੀ ਗਰਿੱਡ ਵੱਲੋਂ ਆਉਣੀਆਂ ਬੰਦ ਕਰਕੇ ਵਾਇਆ ਰੂੜਗੜ੍ਹ ਚਲਾਈਆਂ ਜਾ ਰਹੀਆਂ ਹਨ। ਇਸ ਸੜਕ ’ਤੇ ਪਏ ਟੋਇਆਂ ’ਚ ਮਾਮੂਲੀ ਮੀਂਹ ਪੈਣ ਨਾਲ ਖੜ੍ਹਾ ਪਾਣੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਸ਼ੇਰਪੁਰ ਅਧੀਨ ਆਉਦੀ ਕੁਠਾਲਾ ਡਰੇਨ ਤੱਕ ਤਕਰੀਬਨ ਸਾਢੇ ਪੰਜ ਕਿੱਲੋਮੀਟਰ ਸੜਕ ਦਾ ਟੋਟਾ ਪਾਸ ਹੋ ਕੇ ਟੈਂਡਰ ਹੋ ਚੁੱਕੇ ਹਨ ਪਰ ਕਿਸੇ ਨੇ ਸੜਕ ਦਾ ਕੰਮ ਚਲਾਉਣ ਲਈ ਦਿਲਚਸਪੀ ਨਹੀਂ ਦਿਖਾਈ। ਪੰਚਾਇਤੀ ਨੁਮਾਇੰਦਿਆਂ ਨੇ ਦੱਸਿਆ ਕਿ ਮਹਿਜ਼ 14ਵੇਂ ਤੇ 15ਵੇਂ ਵਿੱਤ ’ਚੋਂ ਆਏ 34 ਲੱਖ ਰੁਪਏ ਨਾਲ ਪਿੰਡ ਨੂੰ ਸੁੰਦਰ ਬਣਾਉਣ ਦਾ ਉਪਰਾਲਾ ਕੀਤਾ ਪਰ ਹੈਰਾਨੀਜਨਕ ਹੈ ਕਿ ਪੰਜਾਬ ਸਰਕਾਰ ਦੀ ਕੋਈ ਵੱਡੀ ਗ੍ਰਾਂਟ ਨਹੀਂ ਮਿਲੀ। ਉਂਜ ਚੋਣ ਜ਼ਾਬਤੇ ਤੋਂ ਕੁਝ ਕੁ ਦਿਨ ਪਹਿਲਾਂ ਮਿਲੀ 12 ਕੁ ਲੱਖ ਦੀ ਗਰਾਂਟ ਖਰਚਣ ਲਈ ਨਵੇਂ ਕੰਮਾਂ ਦੇ ਪਾਏ ਮਤੇ ਜ਼ਾਬਤਾ ਲੱਗ ਜਾਣ ਕਾਰਨ ਧਰੇ-ਧਰਾਏ ਰਹਿ ਗਏ ਅਤੇ ਪਿੰਡ ’ਤੇ ਪੈਸਾ ਖਰਚਣ ’ਤੇ ਰੋਕ ਲੱਗ ਗਈ। ਅਲੀਪੁਰ ਖਾਲਸਾ ਨੂੰ ਰਾਮਨਗਰ ਛੰਨਾ ਨਾਲ ਜੋੜਦੀ ਸੜਕ ਪਾਸ ਹੋਣ ਬਾਵਜੂਦ ਜ਼ਾਬਤੇ ਦੀ ਭੇਟ ਚੜ੍ਹ ਗਈ ਜਦੋਂ ਕਿ ਪਿੰਡ ’ਚ ਸੀਵਰੇਜ ਨਾ ਹੋਣ ਕਾਰਨ ਵੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਿੱਚੋਂ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ। ਕਿਸਾਨ ਆਗੂ ਹਰਭਜਨ ਸਿੰਘ ਨੇ ਦੱਸਿਆ ਕਿ ਅਲੀਪੁਰ ਮਾਹਮਦਪੁਰ ਦੇ ਬੱਚਿਆਂ ਲਈ ਸਹਾਈ ਮਾਹਮਦਪੁਰ ਦੇ ਸਰਕਾਰੀ ਹਾਈ ਸਕੂਲ ਨੂੰ ਪਲੱਸ ਟੂ ਦਾ ਦਰਜਾ ਨਹੀਂ ਦਿੱਤਾ ਗਿਆ।