ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਧੂਰੀ, 13 ਅਕਤੂਬਰ
ਸ਼ਹਿਰ ਦੇ ਨਾਲ ਲੱਗਦੇ ਧੂਰੀ ਪਿੰਡ ਵਿੱਚ ਇੱਕ ਅਹਿਮ ਸੜਕ (ਧੂਰੀ ਤੋਂ ਦੋਹਲੇ ਦਰਵਾਜ਼ੇ ਨੂੰ ਜਾਣ ਸਮੇਂ ਰਵੀਦਾਸ ਮੰਦਰ ਵੱਲ ਜਾਂਦੀ ਹੈ) ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਅਹਿਮ ਇਸ ਲਈ ਹੈ ਕਿ ਇਸ ਸੜਕ ਤੋਂ ਕਿਸਾਨ ਆਪਣੀ ਫਸਲ ਨੂੰ ਅਨਾਜ ਮੰਡੀ ’ਚ ਲੈ ਕੇ ਜਾਣ ਦੇ ਨਾਲ ਨਾਲ ਧੂਰੀ ਪਿੰਡ ਦੇ ਲੋਕ ਇਸ ਰਸਤੇ ਸ਼ਹਿਰ ਆਉਂਦੇ ਹਨ।
ਇਸ ਸੜਕ ਨੂੰ ਕਾਂਗਰਸ ਸਰਕਾਰ ਵੇਲੇ ਬਣਾਇਆ ਗਿਆ ਸੀ ਜੋ ਕੁਝ ਸਮੇਂ ਬਾਅਦ ਹੀ ਟੁੱਟ ਗਈ। ਲੋਕਾਂ ਨੇ ਇਸ ਸੜਕ ’ਚ ਵਰਤੀ ਮਾੜੀ ਸਮੱਗਰੀ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਸੜਕ ਉਪਰ ਦੋ ਵੱਡੇ ਧਾਰਮਿਕ ਸਥਾਨ ਵੀ ਪੈਂਦੇ ਹਨ ਤੇ ਸੈਂਕੜੇ ਲੋਕ ਇਸ ਸੜਕ ਰਾਹੀਂ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਹਨ। ਇਹ ਸੜਕ ਥਾਂ ਥਾਂ ਤੋਂ ਟੁੱਟਣ ਕਾਰਨ ਲੋਕਾਂ ਨੇ ਮਿੱਟੀ ਪਾ ਕੇ ਅਪਣਾ ਆਉਣ ਜਾਣ ਦਾ ਜੁਗਾੜ ਕੀਤਾ ਹੋਇਆ ਹੈ। ਇਸ ਸੜਕ ਦੇ ਆਲੇ ਦੁਆਲੇ ਪਏ ਸੀਵਰੇਜ ਦੀ ਹਾਲਤ ਵੀ ਤਰਸਯੋਗ ਹੈ। ਸੀਵਰੇਜ ਦੇ ਖੁੱਲ੍ਹੇ ਢੱਕਣਾਂ ਕਾਰਨ ਹਾਦਸੇ ਵਾਪਰਨ ਦਾ ਖਦਸ਼ਾ ਰਹਿੰਦਾ ਹੈ।
ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸ਼ਰਮਾ ਵੱਲੋਂ ਇਸ ਸੜਕ ’ਚ ਵਰਤੀ ਕੁਤਾਹੀ ਲਈ ਜਾਂਚ ਦੀ ਮੰਗ ਕਰਦਿਆਂ ਇਸ ਸੜਕ ਨੂੰ ਮੁੜ ਬਣਾਉਣ ਲਈ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਦਾ ਫੈਸਲਾ ਕੀਤਾ ਹੈ ਤਾਂ ਜੋਂ ਇਹ ਸੜਕ ਮੁੜ ਜਲਦੀ ਬਣਾ ਕੇ ਲੋਕਾਂ ਦਾ ਮੁਸ਼ਕਲਾਂ ਤੋਂ ਖਹਿੜਾ ਛੁਡਾਇਆ ਜਾ ਸਕੇ। ਉਨ੍ਹਾਂ ਹੋਰ ਕਿਹਾ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਦੋਹਲਾ ਸੜਕ, ਪੰਜਾਹ ਫੁੱਟੀ ਸੜਕ, ਪਾਰਕ ਆਦਿ ਸੜਕਾਂ ਦੀ ਹਾਲਤ ਖ਼ਰਾਬ ਹੋਣ ਦਾ ਮਾਮਲਾ ਉਭਾਰਿਆ ਗਿਆ ਸੀ ਤੇ ਇਨ੍ਹਾਂ ਸੜਕਾਂ ਨੂੰ ਪ੍ਰਸ਼ਾਸਨ ਵੱਲੋਂ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਸੀ।
ਨਵੀਂ ਅਨਾਜ ਮੰਡੀ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਅਨਾਜ ਮੰਡੀ ਨੂੰ ਆਉਣ ਵਾਲੀਆਂ ਸੜਕਾਂ ਦੀ ਹਾਲਤ ਨਹੀਂ ਸੁਧਾਰੀ ਗਈ ਜਿਸ ਕਾਰਨ ਕਿਸਾਨਾਂ, ਆੜ੍ਹਤੀਆਂ ਤੇ ਸ਼ਹਿਰ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ।