ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 7 ਜੁਲਾਈ
ਪਿੰਡ ਰਟੌਲਾਂ ਤੋਂ ਵਾਇਆ ਢੰਡੋਲੀ ਕਲਾਂ ਰੋਗਲਾ ਨੂੰ ਜਾਂਦੇ ਕੱਚੇ ਰਸਤੇ ਕਾਰਨ ਇਲਾਕੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵੱਲੋਂ ਵਾਰ ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਇਸ ਬਾਰੇ ਗ਼ੌਰ ਨਹੀਂ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਆਰਟੀਆਈ ਕਾਰਕੁਨ ਲੱਖਾ ਸਿੰਘ ਢੰਡੋਲੀ ਕਲਾਂ ਨੇ ਦੱਸਿਆ ਕਿ ਦਿੜ੍ਹਬਾ ਇਲਾਕੇ ਦੇ ਪਿੰਡਾਂ ਨੂੰ ਜੋੜਦੇ ਬਹੁਤ ਸਾਰੇ ਕੱਚੇ ਰਸਤਿਆਂ ਨੂੰ ਸੜਕੀ ਰੂਪ ਦੇ ਦਿੱਤਾ ਗਿਆ ਹੈ ਪਰ ਪਿੰਡ ਰਟੌਲਾਂ ਤੋਂ ਵਾਇਆ ਢੰਡੋਲੀ ਕਲਾਂ ਹੋ ਕੇ ਪਿੰਡ ਰੋਗਲ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਲਈ ਕਿਸੇ ਵੀ ਸਰਕਾਰ ਜਾਂ ਹਲਕੇ ਦੇ ਆਗੂ ਨੇ ਧਿਆਨ ਨਹੀਂ ਦਿੱਤਾ। ਇਸ ਕੱਚੇ ਰਸਤੇ ਕਾਰਨ ਇਲਾਕੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੀਂਹਾਂ ਦੇ ਦਿਨਾਂ ਵਿੱਚ ਕੱਚੇ ਰਸਤੇ ਤੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਰਸਤੇ ’ਤੇ ਖੇਤਾਂ ਅਤੇ ਪਿੰਡਾਂ ਨੂੰ ਆਉਣ ਜਾਣ ਵਾਲੇ ਲੋਕਾਂ ਨੂੰ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਰੀਬ ਨੌਂ ਕਿਲੋਮੀਟਰ ਇਹ ਰਸਤਾ ਜੇ ਪੱਕਾ ਹੋ ਜਾਂਦਾ ਹੈ ਤਾਂ ਦਰਜਨ ਤੋਂ ਵੱਧ ਇਲਾਕੇ ਦੇ ਪਿੰਡਾਂ ਦੇ ਸੁਨਾਮ ਵਾਇਆ ਪਾਤੜਾਂ, ਰੋਗਲਾ ਤੋਂ ਮਹਿਲਾਂ, ਸੰਗਰੂਰ ਨੂੰ ਜਾਣ ਵਾਲੇ ਲੋਕਾਂ ਲਈ ਵੱਡੀ ਸਹੂਲਤ ਮਿਲ ਸਕਦੀ ਹੈ। ਲੱਖਾ ਸਿੰਘ ਨੇ ਪੰਜਾਬ ਸਰਕਾਰ ਅਤੇ ਹਲਕੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਹੈ ਕਿ ਇਸ ਕੱਚੇ ਰਸਤੇ ’ਤੇ ਜਲਦੀ ਹੀ ਸੜਕ ਬਣਾਈ ਜਾਵੇ।