ਹਰਦੀਪ ਸੋਢੀ
ਧੂਰੀ, 6 ਜੁਲਾਈ
ਸ਼ਹਿਰ ਦੇ ਵਿਚਕਾਰੋਂ ਦੀ ਲੰਘਦੇ ਰਜਵਾਹੇ ਦੇ ਆਲੇ-ਦੁਆਲੇ ਪਈ ਗੰਦਗੀ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀ ਪਿੱਕੀ ਧੂਰੀ ਤੇ ਰਮੇਸ਼ ਕੁਮਾਰ ਨੇ ਦੱਸਿਆ ਰਜਵਾਹੇ ਦੇ ਆਲੇ-ਦੁਆਲੇ ਮਹਿਕਮੇ ਵੱਲੋਂ ਸਫ਼ਾਈ ਨਹੀਂ ਕਰਵਾਈ ਜਾਂਦੀ। ਉਨ੍ਹਾਂ ਕਿਹਾ ਕਿ ਸਥਾਨਕ ਦੂਹਰੇ ਫਾਟਕ ਕੋਲ ਪੈਂਦੇ ਰਜਵਾਹੇ ਦੇ ਪੁਲ ਕੋਲ ਕਿਸੇ ਅਣਪਛਾਤੇ ਨੇ ਰਾਤ ਸਮੇਂ ਗੰਦਗੀ ਦਾ ਢੇਰ ਲਾ ਦਿੱਤਾ ਹੈ। ਇਸ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਇਸ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਅਫ਼ਸੋਸ ਕਿ ਅੱਜ ਤੱਕ ਕਿਸੇ ਨੇ ਵੀ ਇਸ ਗੰਦਗੀ ਨੂੰ ਚੁਕਵਾਇਆ ਨਹੀਂ। ਇਸ ਮੌਕੇ ਹੋਰ ਲੋਕਾਂ ਨੇ ਵੀ ਮੰਗ ਕੀਤੀ ਕਿ ਰਜਵਾਹੇ ਦੇ ਆਲੇ-ਦੁਆਲੇ ਫੌਰੀ ਸਫ਼ਾਈ ਕਰਵਾਉਣ ਦੇ ਨਾਲ ਨਾਲ ਇਸ ਗੰਦਗੀ ਦੇ ਢੇਰ ਨੂੰ ਚੁਕਵਾਇਆ ਜਾਵੇ।
ਇਸ ਸਬੰਧੀ ਨਗਰ ਕੌਂਸਲ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੌਕਾ ਦੇਖਣ ਉਪਰੰਤ ਸਫ਼ਾਈ ਕਰਵਾ ਦੇਣਗੇ।