ਪੱਤਰ ਪ੍ਰੇਰਕ
ਭਵਾਨੀਗੜ੍ਹ, 19 ਅਗਸਤ
ਇੱਥੋਂ ਦੀ ਰਵਿਦਾਸ ਕਲੋਨੀ ਵਿੱਚ ਗਲੀਆਂ ਨਾਲੀਆਂ ਦੇ ਅਧੂਰੇ ਪਏ ਕੰਮਾਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਨਗਰ ਕੌਂਸਲ ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਇੱਥੇ ਅੱਧੀ ਦਰਜਨ ਦੇ ਕਰੀਬ ਅਧੂਰੀਆਂ ਪਈਆਂ ਗਲੀਆਂ ਬਾਰੇ ਦੱਸਦਿਆਂ ਦੋਸ਼ ਲਾਇਆ ਕਿ ਸਮੱਸਿਆ ਦੇ ਹੱਲ ਸਬੰਧੀ ਉਨ੍ਹਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਹੰਸਰਾਜ ਨਫ਼ਰੀਆ ਤੇ ਸੁਰਜੀਤ ਕੌਰ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋੰ ਉਨ੍ਹਾਂ ਦੀ ਕਲੋਨੀ ਵਿੱਚ ਗਲੀਆਂ ਨਾਲੀਆਂ ਦੇ ਨਿਰਮਾਣ ਦੇ ਕਾਰਜ ਠੱਪ ਪਏ ਹਨ। ਇਸ ਪਾਸੇ ਸਰਕਾਰ ਤੇ ਕੌਂਸਲ ਧਿਆਨ ਨਹੀਂ ਦੇ ਰਹੀ। ਉਨਾਂ ਦੱਸਿਆ ਕਿ ਵੱਡੀਆਂ ਗਲੀਆਂ ਨੂੰ ਤਾਂ ਉੱਚਾ ਚੁੱਕ ਕੇ ਬਣਵਾ ਦਿੱਤਾ ਗਿਆ ਹੈ, ਜਦੋਂਕਿ ਨੀਵੀਆਂ ਤੇ ਛੋਟੀਆਂ ਗਲੀਆਂ ਨੂੰ ਛੱਡ ਦਿੱਤਾ ਗਿਆ। ਮੀਂਹ ਦੌਰਾਨ ਠੱਪ ਹੋਏ ਸੀਵਰੇਜ ਸਿਸਟਮ ਵਿੱਚੋਂ ਵਾਪਸ ਮੁੜ ਕੇ ਗੰਦਾ ਪਾਣੀ ਇਨ੍ਹਾਂ ਗਲੀਆਂ ਵਿੱਚ ਭਰ ਜਾਂਦਾ ਹੈ। ਇਸ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਦੱਸ ਚੁੱਕੇ ਹਨ ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀ ਹੋਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਆਉਂਦੇ ਦਿਨਾਂ ਵਿੱਚ ਲੋਕਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।