ਪੱਤਰ ਪ੍ਰੇਰਕ
ਲਹਿਰਾਗਾਗਾ, 29 ਜੁਲਾਈ
ਸਥਾਨਕ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਕਾਰਨ ਦੋ-ਚਾਰ ਹੋਣਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਅਤੇ ਸਾਥੀਆਂ ਨੇ ਮੰਗਾਂ ਸਬੰਧੀ ਨਾਇਬ ਤਹਿਸੀਲਦਾਰ ਲਹਿਰਾਗਾਗਾ ਗੁਰਨੈਬ ਸਿੰਘ ਨੂੰ ਮੰਗ ਪੱਤਰ ਸੌਂਪਿਆ। ਮੰਗਾਂ ਸਬੰਧੀ ਆਗੂਆਂ ਨੇ ਦੱਸਿਆ ਕਿ ਸੇਮ ਨਾਲੇ ਦੇ ਦੋਵੇਂ ਆਰਜ਼ੀ ਪੁਲ ਟੁੱਟ ਚੁੱਕੇ ਹਨ, ਜਿਸ ਕਾਰਨ ਤਿੰਨ ਸੌ ਏਕੜ ਜ਼ਮੀਨ ਮਾਲਕਾਂ ਨੂੰ ਆਉਣ-ਜਾਣ ਵਿਚ ਭਾਰੀ ਦਿੱਕਤ ਆ ਰਹੀ ਹੈ। ਇਸ ਤੋਂ ਇਲਾਵਾ ਸੀਵਰੇਜ ਦੇ ਕਈ ਥਾਵਾਂ ’ਤੇ ਢੱਕਣ ਨਹੀਂ ਹਨ। ਲਹਿਰਾ-ਪਾਤੜਾਂ ਵਾਲੇ ਰੇਲਵੇ ਪੁਲ ਦੇ ਥੱਲੇ ਸੀਵਰੇਜ ਦਾ ਪਾਣੀ ਸੜਕ ’ਤੇ ਨਿਕਲਣ ਕਰਕੇ ਪੁਲ ਦੇ ਨਾਲ ਵਾਲੀ ਸੜਕ ਟੁੱਟ ਚੁੱਕੀ ਹੈ, ਉਹ ਨਵੀਂ ਬਣਾਈ ਜਾਵੇ। ਅੰਡਰਬ੍ਰਿੱਜ ਦੇ ਅੰਦਰ ਦਸ-ਦਸ ਫੁੱਟ ਖੜ੍ਹਦੇ ਪਾਣੀ ਦਾ ਪੱਕਾ ਹੱਲ ਕੀਤਾ ਜਾਵੇ। ਲਹਿਰਾ ਵਿਖੇ ਸਟਰੀਟ ਲਾਈਟਾਂ ਘੱਟ ਹਨ ਉਹ ਨਵੀਆਂ ਲਾਈਆਂ ਜਾਣ ਅਤੇ ਖਰਾਬ ਪਈਆਂ ਲਾਈਟਾਂ ਠੀਕ ਕੀਤੀਆਂ ਜਾਣ।