ਸੰਗਰੂਰ: ਸ਼ਹਿਰ ਦੇ ਪ੍ਰੀਤ ਨਗਰ ਨਿਵਾਸੀ ਆਵੀ ਦੇ ਗੰਦੇ ਧੂੰਏਂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਜੋ ਨਵੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ| ਆਲਮ ਇਹ ਹੈ ਕਿ ਜਦੋਂ ਆਵੀ ਭਖਦੀ ਹੈ ਤਾਂ ਨੇੜਲੇ ਘਰਾਂ ਵਿਚ ਇਸ ਦਾ ਧੂੰਆਂ ਅੰਦਰ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਸਾਹ ਲੈਣ ਵਿਚ ਬਹੁਤ ਦਿੱਕਤ ਆਉਂਦੀ ਹੈ| ਇਸ ਗੰਦੇ ਧੂੰਏਂ ਨਾਲ ਜ਼ਿਆਦਾ ਪ੍ਰੇਸ਼ਾਨੀ ਉਥੇ ਰਹਿਣ ਵਾਲੇ ਬਜ਼ੁਰਗਾਂ ਨੂੰ ਹੋ ਰਹੀ ਹੈ ਜੋ ਪਹਿਲਾਂ ਹੀ ਕਿਸੇ ਨਾਲ ਕਿਸੇ ਬਿਮਾਰੀ ਦੀ ਮਾਰ ਹੇਠ ਹਨ ਅਤੇ ਇਸ ਨਾਲ ਬੱਚਿਆਂ ਨੂੰ ਅੱਖਾਂ ਵਿਚ ਜਲਣ ਦੀ ਸ਼ਿਕਾਇਤ ਵੀ ਆ ਰਹੀ ਹੈ| ਇਸ ਸਬੰਧੀ ਅੱਜ ਨਗਰ ਨਿਵਾਸੀਆਂ ਨੇ ਇਕ ਲਿਖਤੀ ਦਰਖਾਸਤ ਨਗਰ ਕੌਂਸਲ ਦਫ਼ਤਰ ਵਿਚ ਮੌਕੇ ਦੇ ਅਫ਼ਸਰ ਰਮੇਸ਼ ਕੁਮਾਰ ਅਤੇ ਐਸ.ਡੀ.ਐਮ ਯਸ਼ਪਾਲ ਸ਼ਰਮਾ ਨੂੰ ਵੀ ਦਿੱਤੀ| ਅਧਿਕਾਰੀਆਂ ਨੇ ਨਗਰ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ| -ਪੱਤਰ ਪ੍ਰੇਰਕ