ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਅਪਰੈਲ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੈਨਸ਼ਨਰਾਂ ਦੀਆਂ ਮੁਸਕਲਾਂ ਦੇ ਹੱਲ ਲਈ ਲਗਾਈ ਪੈਨਸ਼ਨਰਜ਼ ਅਦਾਲਤ ਤੋਂ ਅਸੰਤੁਸ਼ਟ ਪੈਨਸ਼ਨਰਾਂ ਵਲੋਂ ਅੱਜ ਰੋਸ ਵਿਖਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਲੇ ਲੋੜੀਂਦੇ ਬੈਂਕ ਅਧਿਕਾਰੀ ਪੈਨਸ਼ਨਰਜ਼ ਅਦਾਲਤ ਵਿੱਚ ਹਾਜ਼ਰ ਹੀ ਨਹੀਂ ਸਨ ਜਿਸ ਕਾਰਨ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਬਿੇੜਾ ਨਹੀਂ ਹੋ ਸਕਿਆ। ਵਿਖਾਵਾਕਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਜ਼ ਅਦਾਲਤ ਮੁੜ ਲਗਾਈ ਜਾਵੇ।
ਇਸ ਮੌਕੇ ਆਲ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ ਤੇ ਪੈਨਸ਼ਨਰਜ਼ ਐਸੋਸੀਏਸ਼ਨ ਸੁਨਾਮ ਅਤੇ ਲੌਂਗੋਵਾਲ ਦੇ ਨੁਮਾਇੰਦਿਆਂ ਜਗਦੀਸ਼ ਸ਼ਰਮਾ, ਬਿੱਕਰ ਸਿੰਘ ਸਬਿੀਆ, ਮੋਹਨ ਸਿੰਘ ਬਾਵਾ, ਭੁਪਿੰਦਰ ਸਿੰਘ ਛਾਜਲੀ, ਬ੍ਰਿਜ ਲਾਲ ਧੀਮਾਨ, ਕੁਲਵਰਨ ਸਿੰਘ, ਸੁਖਮਿੰਦਰ ਸਿੰਘ ਖੇੜੀ ਅਤੇ ਮੁਕੰਦੀ ਲਾਲ ਲੌਂਗੋਵਾਲ ਨੇ ਕਿਹਾ ਕਿ ਪੈਨਸ਼ਨਰਜ਼ ਅਦਾਲਤ ਵਿਚ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰ ਪੁੱਜੇ ਸਨ ਪਰ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਅਦਾਲਤ ਵਿੱਚ ਪ੍ਰਮੁੱਖ ਬੈਂਕਾਂ ਦੇ ਅਧਿਕਾਰੀ ਨਹੀਂ ਪੁੱਜੇ ਸਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਨਾ ਪੁੱਜਣ ਕਾਰਨ ਸਮੱਸਿਆਵਾਂ ਹੱਲ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਇਸ ਬਾਰੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ। ਪੈਨਸ਼ਨਰਾਂ ਨੇ ਮੰਗ ਕੀਤੀ ਕਿ ਪੈਨਸ਼ਨਰਜ਼ ਅਦਾਲਤ ਦੁਬਾਰਾ ਲਗਾਈ ਜਾਵੇ ਅਤੇ ਸਮੱਸਿਆਵਾਂ ਦੇ ਹੱਲ ਲਈ ਸਮਰੱਥ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ।
ਪੈਨਸ਼ਨਰਾਂ ਨਾਲ ਸਬੰਧਤ 59 ਮਾਮਲਿਆਂ ਦੀ ਸੁਣਵਾਈ
ਪਟਿਆਲਾ (ਖੇਤਰੀ ਪ੍ਰਤੀਨਿਧ): ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਅੱਜ ਇੱਥੇ ਏਡੀਸੀ (ਜ) ਗੁਰਪ੍ਰੀਤ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਪੈਨਸ਼ਨ ਅਦਾਲਤ ਲਗਾਈ ਗਈ ਜਿਸ ’ਚ 59 ਮਮਲਿਆਂ ਦੀ ਸੁਣਵਾਈ ਕੀਤੀ ਗਈ। ਏਡੀਸੀ ਨੇ ਪੈਨਸ਼ਨਰਾਂ ਨੂੰ ਸਮੱਸਿਆਵਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਪੈਨਸ਼ਨ ਅਦਾਲਤ ਮੌਕੇ ਪੈਨਸ਼ਨਰਾਂ ਦੇ ਜੀਪੀਐਫ਼ ਤੇ ਲੀਵ ਇਨਕੈਸ਼ਮੈਂਟ ਦੀ ਪੂਰੀ ਰਕਮ ਦੀ ਅਦਾਇਗੀ, ਮੈਡੀਕਲ ਅਧਾਰ ’ਤੇ ਕਮਿਉਟਿਡ ਛੁੱਟੀ ਦੀ ਅਦਾਇਗੀ, ਪੈਨਸ਼ਨਰੀ ਲਾਭਾਂ ਵਿੱਚੋਂ ਕੀਤੀ ਕਟੌਤੀ, ਪੇਡ ਤੇ ਅਨਪੇਡ ਵਾਊਚਰਾਂ ਦੇ ਝਗੜੇ, 6ਵੇਂ ਤਨਖਾਹ ਕਮਿਸ਼ਨ ਦੇ ਲਾਭਾਂ ਬਾਰੇ, ਬਣਦੇ ਏਰੀਅਰ ਦੀ ਅਦਾਇਗੀ, ਸੀਨੀਅਰ ਸਿਟੀਜ਼ਨ ਲਾਭਾਂ, ਅਨਾਮਲੀਆਂ ਦੂਰ ਕਰਨ, ਵਧੀ ਪੈਨਸ਼ਨ ਦੇਣ, ਸੇਵਾਕਾਲ ’ਚ ਵਾਧੇ ਦੇ ਮੁੱਦਿਆਂ ਤੇ ਹੋਰ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਕਰਨ ਲਈ ਆਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਆਡਿਟਰ ਜਨਰਲ, ਪੰਜਾਬ ਦਫ਼ਤਰ ਤੋਂ ਟੀਮ ਮੈਂਬਰ ਸਹਾਇਕ ਲੇਖਾ ਅਫ਼ਸਰ ਯਸ਼ਪਾਲ ਮਨਚੰਦਾ ਤੇ ਸੀਨੀਅਰ ਲੇਖਾਕਾਰ ਰਾਜੇਸ਼ ਬਹਿਲ, ਡੀ.ਸੀ. ਦਫ਼ਤਰ ਦੇ ਸੁਪਰਡੈਂਟ ਜਨਰਲ ਹਰਜੀਤ ਸਿੰਘ ਅਤੇ ਸੀਨੀਅਰ ਸਹਾਇਕ ਸੁਨੀਤਾ ਤੋਂ ਇਲਾਵਾ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਤੇ ਬੈਂਕ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਹਿੱਸਾ ਲਿਆ।