ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਜੂਨ
ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਪੈਨਸ਼ਨਰ ਮੰਗਾਂ ਦਾ ਹੱਲ ਨਾ ਕਰਨ ’ਤੇ ਰੋਹ ਵਿੱਚ ਆਏ ਪੈਨਸ਼ਨਰਾਂ ਵੱਲੋਂ ਆਲ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਇੱਥੇ ਡੀ.ਸੀ. ਕੰਪਲੈਕਸ ਵਿੱਚ ਰੋਸ ਵਿਖਾਵਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਐਸੋਸੀਏਸ਼ਨ ਨੇ 8 ਜੁਲਾਈ ਨੂੰ ਜ਼ਿਲ੍ਹਾ ਪੱਧਰ ’ਤੇ ਸਰਕਾਰ ਦੀ ਪੈਨਸ਼ਨਰ ਮਾਰੂ ਨੀਤੀ ਖ਼ਿਲਾਫ਼ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ।
ਐਸੋਸੀਏਸ਼ਨ ਦੇ ਪ੍ਰਧਾਨ ਅਰਜਨ ਸਿੰਘ, ਸਰਪ੍ਰਸਤ ਜਗਦੀਸ਼ ਸ਼ਰਮਾ, ਜਨਰਲ ਸਕੱਤਰ ਬਿੱਕਰ ਸਿੰਘ ਸਬਿੀਆ ਅਤੇ ਮੋਹਨ ਸਿੰਘ ਬਾਵਾ ਨੇ ਕਿਹਾ ਕਿ ਡੀ.ਏ. ਦੀਆਂ ਕਿਸ਼ਤਾਂ, 5 ਸਾਲ ਦੇ ਬਕਾਏ ਅਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਅਤੇ ਸਰਕਾਰ ਵੱਲੋਂ ਮੰਗਾਂ ਦੇ ਹੱਲ ਲਈ ਲਗਾਤਾਰ ਲਾਰੇ ਲੱਪੇ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਅੱਜ ਪੇਸ਼ ਕੀਤੇ ਬਜਟ ਵਿੱਚ ਪੈਨਸ਼ਨਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਜਿਸ ਕਾਰਨ ਵੱਖ-ਵੱਖ ਵਰਗਾਂ ਦੇ ਪੈਨਸ਼ਨਰਾਂ ਵਿੱਚ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਡੀ.ਏ ਦੀਆਂ ਦੋ ਕਿਸ਼ਤਾਂ ਜਨਵਰੀ 16 ਤੋਂ 30 ਜੂਨ 2021 ਤੱਕ ਬਕਾਇਆ ਤੇ 2.59 ਦਾ ਫਾਰਮੂਲਾ ਅਤੇ ਮੈਡੀਕਲ ਭੱਤਿਆਂ ਵਿੱਚ ਵਾਧਾ ਕੀਤਾ ਜਾਵੇ ਅਤੇ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ।
ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਵਿਰੁੱਧ ਰੋਸ ਜਤਾਉਣ ਲਈ 8 ਜੁਲਾਈ ਨੂੰ ਜ਼ਿਲ੍ਹਾ ਪੱਧਰ ’ਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਆਗੂ ਰਾਮ ਲਾਲ ਸ਼ਰਮਾ, ਸੱਤਪਾਲ ਕਲਸੀ, ਪਵਨ ਗਰਗ, ਗੁਰਚਰਨ ਸਿੰਘ ਟੌਹੜਾ, ਗੁਰਜੰਟ ਸਿੰਘ ਸਾਰੋਂ, ਜਸਮੇਲ ਸਿੰਘ, ਸੁਖਦੇਵ ਸਿੰਘ, ਹਵਾ ਸਿੰਘ, ਕੌਂਸਲ ਕੁਮਾਰ, ਭਗਵਾਨ ਦਾਸ, ਜਗਦੀਸ਼ ਕੁਮਾਰ, ਪਵਨ ਸਿੰਗਲਾ ਅਤੇ ਕਮਲ ਬਾਂਸਲ ਆਦਿ ਸ਼ਾਮਲ ਸਨ।