ਪੱਤਰ ਪ੍ਰੇਰਕ
ਸੰਗਰੂਰ, 8 ਦਸੰਬਰ
ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਸੈਂਕੜੇ ਪੈਨਸ਼ਨਰਾਂ ਵੱਲੋਂ ਸਰਪ੍ਰਸਤ ਜਗਦੀਸ਼ ਸ਼ਰਮਾ, ਪ੍ਰਧਾਨ ਅਰਜਨ ਸਿੰਘ, ਸੁਰਿੰਦਰ ਸਿੰਘ ਬਾਲੀਆ ਅਤੇ ਅਜਮੇਰ ਸਿੰਘ ਦੀ ਅਗਵਾਈ ਹੇਠ ਡੀਸੀ ਕੰਪਲੈਕਸ ਸੰਗਰੂਰ ਵਿੱਚ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਰੈਲੀ ਕੀਤੀ ਗਈ| ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਉਲਟ ਆਪਣੀ ਮਰਜ਼ੀ ਨਾਲ ਜਨਵਰੀ 2016 ਤੋਂ ਪਹਿਲਾਂ ਅਤੇ ਬਾਅਦ ਵਿੱਚ ਰਿਟਾਇਰ ਹੋਏ ਪੈਨਸ਼ਨਰਾਂ ਸਬੰਧੀ ਵੱਖ ਵੱਖ ਨੋਟੀਫ਼ਿਕੇਸ਼ਨ ਜਾਰੀ ਕਰਕੇ ਪੈਨਸ਼ਨਰਾਂ ਨੂੰ ਵੰਡ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਸਰਕਾਰ ਵੱਲੋਂ ਪੈਨਸ਼ਨਰਾਂ ਨਾਲ ਧੱਕਾ ਅਤੇ ਧੋਖਾ ਕੀਤਾ ਗਿਆ ਹੈ, ਜਿਸਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ| ਬੁਲਾਰਿਆਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਅਦੇਸ਼ਾਂ ਅਨੁਸਾਰ ਪੈਨਸ਼ਨਰਾਂ ਨੂੰ ਵੰਡਿਆ ਨਹੀਂ ਜਾ ਸਕਦਾ| ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਜਨਵਰੀ 2016 ਤੋਂ ਬਾਅਦ ਵਾਲੇ ਪੈਨਸ਼ਨਰਾਂ ਨੂੰ ਫ਼ੈਕਟਰ 2.59/2.25 ਅਤੇ 113 ਪ੍ਰਤੀਸ਼ਤ ਡੀ.ਏ. ਮਰਜ ਕਰਕੇ 15 ਪ੍ਰਤੀਸ਼ਤ ਲਾਭ ਦੇਣ ਦੀ ਆਪਸ਼ਨ ਦਿੱਤੀ ਗਈ ਹੈ ਪਰ 2016 ਤੋਂ ਪਹਿਲਾਂ ਵਾਲੇ ਪੈਨਸ਼ਨਰਾਂ ਨੂੰ ਇਨ੍ਹਾਂ ਆਪਸ਼ਨਾਂ ਤੋਂ ਵਾਂਝਾ ਰੱਖਿਆ ਗਿਆ ਹੈ| ਉਨ੍ਹਾਂ ਕਿਹਾ ਕਿ ਸਰਕਾਰ ਨੇ ਤਨਖਾਹ ਕਮਿਸ਼ਨ ਵੱਲੋਂ 125 ਪ੍ਰਤੀਸ਼ਤ ਡੀਏ ਮਰਜ ਕਰਕੇ 20 ਪ੍ਰਤੀਸ਼ਤ ਵਾਧਾ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ, ਜਿਸ ਤੋਂ ਸਰਕਾਰ ਭੱਜ ਗਈ ਹੈ, ਜਿਸ ਕਰਕੇ ਪੈਨਸ਼ਨਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ।