ਗੁਰਦੀਪ ਸਿੰਘ ਲਾਲੀ/ਮਹਿੰਦਰ ਕੌਰ ਮੰਨੂ
ਸੰਗਰੂਰ, 8 ਨਵੰਬਰ
ਆਲ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵਲੋਂ ਮੰਗਾਂ ਦੀ ਪ੍ਰਾਪਤੀ ਨਾ ਹੋਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਡੀ.ਸੀ.ਕੰਪਲੈਕਸ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸਤੋ ਪਹਿਲਾਂ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ ਮਾਰਚ ਕਰਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਅਤੇ ਪਿੱਟ ਸਿਆਪਾ ਕੀਤਾ ਗਿਆ। ਰੋਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਐਸੋਸੀਏਸ਼ਨ ਦੇ ਜ਼ਿਲ੍ਰਾ ਪ੍ਰਧਾਨ ਅਰਜਨ ਸਿੰਘ, ਸਰਪ੍ਰਸਤ ਜਗਦੀਸ਼ ਸ਼ਰਮਾ, ਸੁਰਿੰਦਰ ਸਿੰਘ ਬਾਲੀਆਂ, ਬਲਵੀਰ ਸਿੰਘ ਰਤਨ ਅਤੇ ਅਜਮੇਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨ ਕੇ ਬਜ਼ੁਰਗਾਂ ਨੂੰ ਸੜਕਾਂ ਉਪਰ ਰੋਲ ਰਹੀ ਹੈ ਜਿਸ ਕਾਰਨ ਸਮੁੱਚੇ ਪੈਨਸ਼ਨਰ ਵਰਗ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਵਲੋਂ ਸਿਫਾਰਸ਼ ਕੀਤੀ ਗਈ ਸੀ ਕਿ ਜਨਵਰੀ-2016 ਨੂੰ ਮਿਲ ਰਿਹਾ ਡੀ.ਏ 125 ਫੀਸਦੀ ਮੁੱਢਲੀ ਪੈਨਸ਼ਨ ਵਿਚ ਜੋੜ ਕੇ 20 ਫੀਸਦੀ ਵਾਧਾ ਕੀਤਾ ਜਾਵੇ ਅਤੇ ਗੁਣਾਂਕ 2.59 ਦਿੱਤਾ ਜਾਵੇ, ਨੈਸ਼ਨਲ ਫਿਕਸੇਸ਼ਨ ਫਾਰਮੂਲਾ ਸੋਧ ਕੇ ਕੇਵਲ ਪੈਨਸ਼ਨ ਸੈਕਸ਼ਨ ਅਥਾਰਟੀ ਨੂੰ ਜਿੰਮੇਵਾਰੀ ਦਿੱਤੀ ਜਾਵੇ ਪਰੰਤੂ ਵਿੱਤ ਵਿਭਾਗ ਵਲੋਂ ਆਪਣੀ ਮਰਜ਼ੀ ਨਾਲ ਉਕਤ ਤਜਵੀਜ਼ ਨਾ ਮੰਨਦੇ ਹੋਏ ਵਾਧਾ ਕਰਕੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ ਜੋ ਕਿ ਸਰਕਾਰ ਦੀ ਬਦਨੀਤੀ ਹੈ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 15 ਨਵੰਬਰ ਤੱਕ ਪੈਨਸ਼ਨਰਾਂ ਨਾਲ ਸਬੰਧਤ ਰਹਿੰਦੇ ਉਕਤ ਨੋਟੀਫਿਕੇਸ਼ਨ ਸੋਧ ਕੇ ਜਾਰੀ ਨਾ ਕੀਤੇ ਤਾਂ ਪੈਨਸ਼ਨਰ ਸਾਂਝੇ ਫਰੰਟ ਦੇ ਫੈਸਲੇ ਅਨੁਸਾਰ ਸੰਗਰੂਰ ਦੇ ਸੈਂਕੜੇ ਪੈਨਸ਼ਨਰ 17 ਨਵੰਬਰ ਨੂੰ ਮੁਹਾਲੀ ਵਿਚ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਐਸੋਸੀਏਸ਼ਨ ਦੇ ਆਗੂ ਨਾਨਕ ਸਿੰਘ ਦੁੱਗਾਂ, ਬਲਵੀਰ ਸਿੰਘ ਰਤਨ, ਸੁਖਵਿੰਦਰ ਸਿੰਘ ਖੇੜੀ, ਮੋਹਨ ਸਿੰਘ, ਕੁਲਵੰਤ ਸਿੰਘ, ਮੰਗਲ ਰਾਣਾ, ਚਰਨ ਪਾਲ, ਨਛੱਤਰ ਸਿੰਘ, ਕੁਲਵਰਨ ਸਿੰਘ, ਭੀਮ ਸੈਨ, ਪਵਨ ਸਿੰਗਲਾ, ਦਰਸ਼ਨ ਸਿੰਘ, ਅਸੋਕ ਕੁਮਾਰ, ਹਵਾ ਸਿੰਘ, ਹਰਬੰਸ ਜਿੰਦਲ, ਸਤਨਾਮ ਸਿੰਘ ਬਾਜਵਾ ਆਦਿ ਮੌਜੂਦ ਸਨ।