ਗੁਰਦੀਪ ਸਿੰਘ ਲਾਲੀ/ਮੋਹਿੰਦਰ ਕੌਰ ਮੰਨੂ
ਸੰਗਰੂਰ, 8 ਅਪਰੈਲ
ਆਲ ਪੈਨਸ਼ਨਰਜ ਵੈਲੇਫਅਰ ਐਸੋਸੀਏਸ਼ਨ ਦੇ ਸੈਂਕੜੇ ਪੈਨਸ਼ਨਰਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵਿੱਤ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੈਨਸ਼ਨਰਾਂ ਨਾਲ ਬੇਇਨਸਾਫ਼ੀ ਵਾਲਾ ਪੱਤਰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਰਪ੍ਰਸਤ ਜਗਦੀਸ਼ ਸ਼ਰਮਾ, ਪ੍ਰਧਾਨ ਅਰਜਨ ਸਿੰਘ, ਸੁਰਿੰਦਰ ਬਾਲੀਆਂ, ਬਿੱਕਰ ਸਿੰਘ ਅਤੇ ਬਲਵੀਰ ਸਿੰਘ ਰਤਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰ ਡੀ.ਸੀ. ਕੰਪਲੈਕਸ ਅੱਗੇ ਇਕੱਠੇ ਹੋਏ ਅਤੇ 4 ਮਾਰਚ 2022 ਨੂੰ ਜਾਰੀ ਕੀਤੇ ਪੈਨਸ਼ਨ ਦੋਖੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਫ਼ੂਕਦਿਆਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਗਦੀਸ਼ ਸਰਮਾ, ਸੁਰਿੰਦਰ ਬਾਲੀਆ, ਸ਼ਿਵ ਕੁਮਾਰ ਸ਼ਰਮਾ, ਭਰਥਰੀ ਸਿੰਘ ਸ਼ਰਮਾ ਨੇ ਦੱਸਿਆ ਕਿ ਇਸ ਨੋਟੀਫਿਕੇਸ਼ਨ ਵਿੱਚ ਜਿਨ੍ਹਾਂ ਮੁਲਾਜ਼ਮਾਂ/ਪੈਨਸ਼ਨਰਾਂ ਦੀ 01 ਜਨਵਰੀ 2006 ਤੋਂ ਬਾਅਦ ਮੁੜ ਪੇਅ ਬੈਂਡ/ਗ੍ਰੇਡ ਪੇਅ ਸੋਧ ਕੇ ਫਿਕਸ ਕੀਤੀ ਹੋਈ ਹੈ, ਏਸੀਪੀ ਦਾ ਲਾਭ ਲਿਆ ਹੈ ਜਾਂ ਕਿਸੇ ਹੋਰ ਹੁਕਮਾਂ ਨਾਲ ਵਿੱਤੀ ਲਾਭ ਪ੍ਰਾਪਤ ਕੀਤਾ ਹੈ, ਉਨ੍ਹਾਂ ਤੋਂ ਰਿਕਵਰੀ ਕਰਨ ਲਈ ਕਿਹਾ ਹੈ। ਇਸ ਤੁਗਲਕੀ ਫੁਰਮਾਨ ਨਾਲ ਪੰਜਾਬ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਿਚ ਰੋਸ ਫੈਲ ਗਿਆ ਹੈ। ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਉਲਟ ਸਰਕਾਰ ਵੱਲੋਂ ਘਾਟੇ ਵਾਲਾ ਫਾਰਮੂਲਾ ਲਾ ਕੇ ਕੇਂਦਰ ਨਾਲੋਂ ਵੀ ਪੈਨਸਨਾਂ ਘਟਾ ਦਿੱਤੀਆਂ ਹਨ। ਉਨ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਨਾਲ ਬੇਇਨਸਾਫ਼ੀ ਵਾਲਾ ਨੋਟੀਫਿਕੇਸ਼ਨ ਤੁਰੰਤ ਵਾਪਸ ਲਿਆ ਜਾਵੇ, 1-1-2016 ਤੋਂ 66 ਮਹੀਨਿਆਂ ਦਾ ਬਕਾਇਆ, 6 ਫੀਸਦੀ ਡੀ.ਏ, 11 ਫੀਸਦੀ ਡੀਏ ਦਾ ਬਕਾਇਆ, 1-7-2021 ਤੋਂ ਅਤੇ 2.59 ਗੁਣਾਂਕ ਨਾਲ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਦੇ ਪੈਨਸ਼ਨਰ ਪ੍ਰੋਸੈਸਿੰਗ ਸੈਂਟਰ ਲੁਧਿਆਣਾ ਵਲੋਂ ਮਾਰਚ ਮਹੀਨੇ ਦੀ ਪੈਨਸ਼ਨ ਘਟਾ ਕੇ ਪਾਈ ਗਈ ਹੈ। ਐਲਟੀਸੀ ਨਹੀਂ ਪਾਇਆ ਅਤੇ ਬੁਢਾਪਾ ਭੱਤਾ ਵੀ ਘਟਾ ਦਿੱਤਾ ਹੈ। ਕਈ ਕੇਸ ਪੈਨਸ਼ਨ ਰਿਵਾਈਜ਼ ਤੋਂ ਰਹਿ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਾਂ ਸਬੰਧੀ ਗਲਤੀ ਦਰੁਸਤ ਕਰਕੇ 8 ਫੀਸਦੀ ਵਿਆਜ ਨਾਲ ਅਦਾਇਗੀ ਇੱਕ ਹਫ਼ਤੇ ਦੇ ਅੰਦਰ ਅੰਦਰ ਕੀਤੀ ਜਾਵੇ।