ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਹੇਠ ਦਫ਼ਤਰੀ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਚੱਲ ਰਹੀ ਕਲਮਛੋੜ ਹੜਤਾਲ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ ਪ੍ਰਦਰਸ਼ਨ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਵੱਲੋਂ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਵਿੱਚ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਸਰਪ੍ਰਸਤ ਬਲਵਿੰਦਰ ਕੌਰ ਸੋਹੀ, ਪਰਮਜੀਤ ਕੌਰ ਪ੍ਧਾਨ ਇਸਤਰੀ ਵਿੰਗ, ਤਰਸੇਮ ਭੱਠਲ ਪ੍ਧਾਨ ਜਿਲਾ ਬਰਨਾਲਾ, ਅਨੁਜ ਸ਼ਰਮਾ ਪ੍ਰੈੱਸ ਸਕੱਤਰ, ਨਵੀਨ ਪ੍ਰਾਸ਼ਰ ਵਿੱਤ ਸਕੱਤਰ ਆਦਿ ਵੱਲੋਂ ਸੰਬੋਧਨ ਦੌਰਾਨ ਸਰਕਾਰ ਨੂੰ ਲਾਰੇ ਲੱਪੇ ਵਾਲੀ ਨੀਤੀ ਬੰਦ ਕਰਕੇ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਤੁਰੰਤ ਪ੍ਰਵਾਨ ਕਰ ਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕਰਨੇ ਚਾਹੀਦੇ ਹਨ। ਇਸ ਗੇਟ ਰੈਲੀ ਮੌਕੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਆਗੂ ਜਗਦੀਸ਼ ਸ਼ਰਮਾ, ਪ੍ਰੀਤਮ ਸਿੰਘ ਧੂਰਾ ਜ਼ਿਲ੍ਹਾ, ਜੀਤ ਸਿੰਘ ਢੀਂਡਸਾ ਬਲਾਕ ਪ੍ਰਧਾਨ ਆਦਿ ਨੇ ਕਿਹਾ ਕਿ ਸਮੁੱਚਾ ਪੈਨਸ਼ਨਰ ਵਰਗ ਮਨਿਸਟੀਰੀਅਲ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਦੀ ਹਮਾਇਤ ਕਰਦਾ ਹੈ ਅਤੇ ਮਨਿਸਟੀਰੀਅਲ ਜਥੇਬੰਦੀ ਦੇ ਹਰੇਕ ਸੰਘਰਸ਼ ਵਿੱਚ ਪੈਨਸ਼ਨਰ ਵਰਗ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰੇਗਾ। ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਸਰਕਾਰ ਵੱਲੋਂ ਕੀਤੇ ਵਾਧੇ ਨੂੰ ਨਿਗੂਣਾ ਵਾਧਾ ਦੱਸਦਿਆਂ ਮੁਲਾਜ਼ਮਾਂ ਵੱਲੋਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਧੋਖਾ ਕਰਾਰ ਦਿੱਤਾ ਅਤੇ ਇਸ ਤੋਂ ਇਲਾਵਾ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੀ ਅਦਾਇਗੀ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, 15 ਜਨਵਰੀ 2015 ਦਾ ਨੋਟੀਫਿਕੇਸ਼ਨ ਰੱਦ ਕਰਨਾ, ਸਟੈਨੋਗਰਾਫਰ ਦੀ ਪ੍ਰਮੋਸ਼ਨ ਸਬੰਧੀ ਆਦਿ ਮੁੱਖ ਮੰਗਾਂ ਮੰਗ ਪੱਤਰ ਵਿੱਚ ਸ਼ਾਮਿਲ ਹਨ, ਇਹਨਾਂ ਮੰਗਾਂ ਦੀ ਪੂਰਤੀ ਲਈ ਮਨਿਸਟੀਰੀਅਲ ਮੁਲਾਜ਼ਮ ਪਿਛਲੇ ਲੰਬੇ ਸੰਘਰਸ਼ ਦੇ ਰਾਹ ’ਤੇ ਹਨ।