ਬੀਰਬਲ ਰਿਸ਼ੀ
ਸ਼ੇਰਪੁਰ, 24 ਅਗਸਤ
ਬੀਡੀਪੀਓ ਦਫ਼ਤਰ ਸ਼ੇਰਪੁਰ ਦੇ ਸਮੂਹ ਮੁਲਾਜ਼ਮਾਂ ਨੂੰ ਬੀਤੀ ਰਾਤ ਤੱਕ ਬੰਦੀ ਬਣਾਏ ਜਾਣ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਅੱਜ ਸਵੇਰ ਤੋਂ ਮੁਲਾਜ਼ਮਾਂ ਨੇ ਮੀਟਿੰਗ ਕਰ ਕੇ ਕਲਮਛੋੜ ਹੜਤਾਲ ਕਰ ਕੇ ਦਫ਼ਤਰ ਦੇ ਗੇਟ ’ਤੇ ਧਰਨਾ ਸ਼ੁਰੂ ਕਰ ਦਿੱਤਾ। ਦਫ਼ਤਰੀ ਅਮਲਾ ਮੰਗ ਕਰ ਰਿਹਾ ਸੀ ਕਿ ਧਰਨਾ ਦੇਣ ਆਏ ਵਿਅਕਤੀਆਂ ਵੱਲੋਂ ਵਰਤੀ ਗਈ ਕਥਿਤ ਗੈਰ-ਮਿਆਰੀ ਸ਼ਬਦਾਵਲੀ, ਲਾਏ ਝੂਠੇ ਇਲਜ਼ਾਮਾਂ ਤੇ ਸਮੂਹ ਮੁਲਾਜ਼ਮਾਂ ਨੂੰ ਸਵੇਰ ਤੋਂ ਬੰਦੀ ਬਣਾਏ ਜਾਣ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਂਜ, ਬਲਾਕ ਦੀਆਂ ਕਈ ਪੰਚਾਇਤਾਂ ਬੀਡੀਪੀਓ ਅਮਲੇ ਦੇ ਹੱਕ ਵਿੱਚ ਆ ਗਈਆਂ ਹਨ। ਬੀਤੀ ਦੇਰ ਰਾਤ ਦੋ ਮੁਲਾਜ਼ਮਾਂ ਦੀ ਤਿੰਨ ਦਿਨਾਂ ’ਚ ਬਦਲੀ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਬੀਡੀਪੀਓ ਜੁਗਰਾਜ ਸਿੰਘ ਦੀ ਅਗਵਾਈ ਹੇਠ ਹੋਈ ਇੱਕ ਮੀਟਿੰਗ ਵਿੱਚ ਦਫ਼ਤਰੀ ਤੇ ਫੀਲਡ ਸਟਾਫ਼ ਅਤੇ ਮਗਨਰੇਗਾ ਸਟਾਫ਼ ਨੇ ਹਿੱਸਾ ਲਿਆ ਤੇ ਧਰਨਾਕਾਰੀਆਂ ਦੀ ਕਾਰਵਾਈ ਦੀ ਨਿਖੇਧੀ ਕੀਤੀ। ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਜੇ ਸਬੰਧਤ ਵਿਅਕਤੀਆਂ ’ਤੇ ਕਾਰਵਾਈ ਨਾ ਹੋਈ ਤਾਂ ਹੜਤਾਲ ਦਾ ਘੇਰਾ ਵਿਸ਼ਾਲ ਕੀਤਾ ਜਾਵੇਗਾ।
ਬੀਡੀਪੀਓ ਜੁਗਰਾਜ ਸਿੰਘ ਗੁੰਮਟੀ ਨੇ ਦਫ਼ਤਰ ਵਿੱਚ ਕੂਲਰ, ਕੁਰਸੀਆਂ, ਫਰਨੀਚਰ ਦੀ ਭੰਨ-ਤੋੜ ਕਰਨ, ਚੌਕੀਦਾਰ ਦਾ ਮੰਜਾ ਤੋੜਨ, ਕੁੱਝ ਦਫ਼ਤਰ ਦਾ ਸਾਮਾਨ ਚੁੱਕ ਕੇ ਲਿਜਾਣ ਦਾ ਦਾਅਵਾ ਕਰਦਿਆਂ ਇਸ ਸਬੰਧੀ ਸ਼ਿਕਾਇਤ ਪੱਤਰ ਪੁਲੀਸ ਨੂੰ ਮੇਲ ਕਰਨ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਛੇ ਵਿਅਕਤੀਆਂ ਦੇ ਨਾਮ ਦਿੱਤੇ ਹਨ ਜਿਨ੍ਹਾਂ ਨੂੰ ਉਨ੍ਹਾਂ ਵੇਖਿਆ ਹੈ। ਸੂਤਰਾਂ ਦੀ ਮੰਨੀਏ ਤਾਂ ਪਤਾ ਲੱਗਾ ਹੈ ਕਿ ਇਸ ਮਾਮਲੇ ’ਤੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਧਰਨੇ ਦੇ ਹੱਕ ਤੇ ਵਿਰੋਧ ਵਿੱਚ ਦੋ ਵਿਚਾਰਧਾਰਾਵਾਂ ਕਾਰਨ ਮਾਮਲਾ ਗਰਮਾਇਆ ਹੋਇਆ ਹੈ।
ਧਰਨਾਕਾਰੀਆਂ ਦੋਸ਼ ਨਕਾਰੇ
ਧਰਨਾਕਾਰੀਆਂ ਦੀ ਤਰਫ਼ੋਂ ਬਲਵਿੰਦਰ ਸਿੰਘ ਨੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰਾ ਧਰਨਾ ਲਾਈਵ ਚੱਲਿਆ ਹੈ ਜਿਸ ਕਰਕੇ ਭੰਨਤੋੜ ਤੇ ਹੋਰ ਦੋਸ਼ ਬੇਬੁਨਿਆਦ ਤੇ ਮਨਘੜਤ ਹਨ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਕੱਲ੍ਹ ਉਹ ਖ਼ੁਦ ਦੋਵਾਂ ਧਿਰਾਂ ਦਰਮਿਆਨ ਬੈਠਕੇ ਗਿਲੇ ਸ਼ਿਕਵੇ ਦੂਰ ਕਰਨਗੇ।