ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 30 ਅਗਸਤ
ਕਰਨਾਲ ਵਿਚ ਕਿਸਾਨਾਂ ’ਤੇ ਲਾਠੀਚਾਰਜ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਿਸਾਨ ਆਗੂ ਬਲਵੀਰ ਸਿੰਘ ਕੌਹਰੀਆਂ ਦੀ ਅਗਵਾਈ ਹੇਠ ਦਿੜਬਾ ’ਚ ਕੌਮੀ ਮਾਰਗ ’ਤੇ ਧਰਨਾ ਦੇ ਕੇ ਮੋਦੀ ਅਤੇ ਹਰਿਆਣਾ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਰਬੰਸ ਸਿੰਘ ਦਿੜਬਾ, ਜੋਗਿੰਦਰ ਸਿੰਘ, ਨਾਇਬ ਸਿੰਘ ਗੁੱਜਰਾਂ, ਦਰਬਾਰਾ ਸਿੰਘ ਖੇਤਲਾ ਆਦਿ ਆਗੂ ਹਾਜ਼ਰ ਸਨ। ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਦਿੜਬਾ ਨੇੜਲੇ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਸੂਲਰ ਘਰਾਟ ’ਤੇ ਚੱਕਾ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਸਰਕਾਰ ਜਬਰ ਨਾਲ ਮੋਰਚਾ ਖ਼ਤਰ ਨਹੀਂ ਕਰਵਾ ਸਕਦੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਭਾਰਤੀ ਕਿਸਾਨ ਯੂਨੀਅਨ ਏਕਰਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪਿੰਡ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਪਰ ਮੋਰਚਾ 334ਵੇਂ ਜਾਰੀ ਰਿਹਾ। ਸ੍ਰੀ ਪਸ਼ੌਰ ਨੇ ਕਿਹਾ ਕਿ ਜਥੇਬੰਦੀਆਂ ਕਰਨਾਲ ਦੇ ਡਿਊਟੀ ਮੈਜਿਸਟ੍ਰੇਟ ਆਯੂਸ਼ ਤੇ ਐਸਐਸਪੀ, ਡੀਐਸਪੀ ਅਤੇ ਹਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਹੋਣ ਤਕ ਸੰਘਰਸ਼ ਕਰਨਗੀਆਂ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸਾਨਾਂ ਦਾ ਖ਼ੂਨ ਕੌਮ ਦੀ ਤਕਦੀਰ ਬਦਲੇਗਾ। ਕਿਸਾਨ ਆਗੂ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਰਾਮਚੰਦ ਸਿੰਘ ਚੋਟੀਆਂ, ਭੋਲਾ ਸਿੰਘ ਭੁਟਾਲ ਕਲਾਂ, ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ, ਜਸਵਿੰਦਰ ਕੌਰ ਗਾਗਾ, ਜਸ਼ਨਦੀਪ ਕੌਰ ਪਸ਼ੌਰ, ਬਲਜੀਤ ਕੌਰ ਲਹਿਲ ਕਲਾਂ ਆਦਿ ਆਗੂਆਂ ਨੇ ਨੌਕਰਸ਼ਾਹਾਂ ਖ਼ਿਲਾਫ਼ ਹੱਤਿਆ ਦੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇੱਥੇ ਲੋਕ ਚੇਤਨਾ ਮੰਚ ਲਹਿਰਾਗਾਗਾ ਵੱਲੋਂ ਕਿਸਾਨੀ ’ਤੇ ਕੀਤੇ ਲਾਠੀਚਾਰਜ ਦਾ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਇਸ ਜਬਰ ਦੀ ਤੁਲਨਾ ਜਲਿਆਂਵਾਲੇ ਬਾਗ਼ ਦੇ ਸਾਕੇ ਨਾਲ ਕੀਤੀ। ਇਸ ਮੌਕੇ ਮੰਚ ਦੇ ਸਕੱਤਰ ਮਾਸਟਰ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਰਣਜੀਤ ਲਹਿਰਾ, ਨਾਮਦੇਵ ਭੁਟਾਲ, ਪੂਰਨ ਸਿੰਘ ਖਾਈ ਅਤੇ ਸੁਖਦੇਵ ਚੰਗਾਲੀਵਾਲਾ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਜਲਿਆਂਵਾਲੇ ਬਾਗ਼ ਦੇ ਸੁੰਦਰੀਕਰਨ ਦਾ ਵਰਚੁਅਲੀ ਉਦਘਾਟਨ ਕਰਦਾ ਹੈ ਅਤੇ ਦੂਜੇ ਪਾਸੇ, ਉਸੇ ਪ੍ਰਧਾਨ ਮੰਤਰੀ ਦਾ ਚਹੇਤਾ ਮੁੱਖ ਮੰਤਰੀ ਖੱਟਰ ਇੱਕ ਨਵਾਂ ਜਲਿਆਂਵਾਲੇ ਬਾਗ਼ ਵਰਗਾ ਖੂਨੀ ਸਾਕਾ ਕਰ ਕੇ ਕਿਸਾਨਾਂ ਦਾ ਖੂਨ ਵਹਾਉਂਦਾ ਹੈ। ਪ੍ਰਦਰਸ਼ਨਕਾਰੀਆਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਕਿਸਾਨਾਂ ਦੇ ਸਿਰ ਪਾੜਨ ਦਾ ਹੁਕਮ ਦੇਣ ਵਾਲੇ ਡਿਉਟੀ ਮੈਜਿਸਟਰੇਟ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਟੌਲ ਪਲਾਜ਼ਾ ਕਾਲਾਝਾੜ ਅਤੇ ਰਿਲਾਇੰਸ ਪੈਟਰੋਲ ਪੰਪ ਬਾਲਦ ਕਲਾਂ ’ਤੇ ਧਰਨੇ ਦੌਰਾਨ ਹੀ ਬਲਾਕ ਪੱਧਰੀ ਮੀਟਿੰਗ ਨੂੰ ਯੂਨੀਅਨ ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਲੱਗੇ ਹੋਏ ਮੋਰਚਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਭੇਜੇ ਜਾਣ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹਰਿਆਣਾ ਦੇ ਕਰਨਾਲ ਵਿੱਚ ਖੱਟਰ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਦੂਜੇ ਦਿਨ ਵੀ ਹਰਿਆਣਾ ਦੇ ਮੁੱਖ ਮੰਤਰੀ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਹਰਜਿੰਦਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ, ਜੱਸੀ ਨਾਗਰਾ, ਰਘਵੀਰ ਘਰਾਚੋਂ, ਗੁਰਦੇਵ ਸਿੰਘ ਆਲੋਅਰਖ, ਕਰਮ ਚੰਦ ਪੰਨਵਾਂ, ਸੁਰਿੰਦਰ ਦਿਆਲਪੁਰਾ, ਲਾਡੀ ਬਖੋਪੀਰ ਅਤੇ ਗੁਰਚੇਤ ਸਿੰਘ ਭੱਟੀਵਾਲ ਕਲਾਂ ਹਾਜ਼ਰ ਸਨ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਮਾਝੀ ’ਤੇ ਧਰਨਾ ਜਾਰੀ ਰੱਖਿਆ ਗਿਆ।