ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 25 ਨਵੰਬਰ
ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸ਼ੁਰੂ ਹੋਏ ਸੰਘਰਸ਼ ਦੀ ਵਰ੍ਹੇਗੰਢ ਤੇ ਮੋਰਚਿਆਂ ਵਿੱਚ ਇਕੱਠ ਵਧਾਉਣ ਲਈ ਦਿੱਤੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫ਼ਲਾ ਅੱਜ ਮਸਤੂਆਣਾ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਵੱਲ ਰਵਾਨਾ ਹੋਇਆ। ਕਾਫ਼ਲੇ ਦੀ ਅਗਵਾਈ ਕਰ ਰਹੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਕਨਵੀਨਰ ਭੁਪਿੰਦਰ ਲੌਂਗੋਵਾਲ ,ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਔਰਤ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਤਕੀਪੁਰ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਅੰਦੋਲਨ ਦੇ ਅਗਲੇ ਪੜਾਅ ਚ 29 ਨਵੰਬਰ ਸੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਸਮੇਂ ਹਰ ਰੋਜ਼ 1000 ਕਿਸਾਨ ਟਰੈਕਟਰ-ਟਰਾਲੀਆਂ ਸਮੇਤ ਸੰਸਦ ਵੱਲ ਮਾਰਚ ਕਰਨਗੇ ਅਤੇ ਉੱਥੇ ਹੀ ਮੋਰਚਾ ਲਾਉਣਗੇ। ਆਗੂਆਂ ਨੇ ਦੱਸਿਆ ਕਿ ਹੁਣ ਕਿਸਾਨ ਕੰਮਕਾਰ ਤੋਂ ਵਿਹਲੇ ਹੋ ਗਏ ਹਨ ਅਤੇ ਅੰਦੋਲਨ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ ਇਸ ਕਰਕੇ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਤੇ 26 ਨਵੰਬਰ ਨੂੰ ਦਿੱਲੀ ਦੇ ਮੋਰਚਿਆਂ ’ਤੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚਣਗੇ।
ਪਾਤੜਾਂ(ਪੱਤਰ ਪ੍ਰੇਰਕ):ਇਥੇ ਜ਼ਿਲ੍ਹਾ ਆਗੂਆਂ ਦਲਜਿੰਦਰ ਸਿੰਘ, ਸ਼ੇਰ ਸਿੰਘ ਕਾਕੜਾ, ਗੁਰਵਿੰਦਰ ਸਿੱਧੂ, ਕਰਮਜੀਤ ਸਿੰਘ ਅਤੇ ਕਮਲ ਘੱਗਾ ਦੀ ਅਗਵਾਈ ਵਿੱਚ ਪੈਂਦ ਟੌਲ ਪਲਾਜ਼ੇ ਤੋਂ ਦਰਜਨ ਤੋਂ ਵੱਧ ਟਰੈਕਟਰਾਂ, ਗੱਡੀਆਂ ਦਾ ਕਾਫ਼ਲਾ ਰਵਾਨਾ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂਆਂ ਹਰਵਿੰਦਰ ਗਿੱਲ, ਪ੍ਰਿੰਸ ਸ਼ਰਮਾ, ਕੁਲਬੀਰ ਟੋਡਰਪੁਰ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੀ ਵਰ੍ਹੇਗੰਢ ਮਨਾਉਣ ਲਈ ਪਾਤੜਾਂ, ਟੋਡਰਪੁਰ, ਬ੍ਰਾਹਮਣਮਾਜਰਾ, ਖਾਂਗ, ਹਰਿਆਊ, ਫਤਿਹਪੁਰ, ਕਾਕੜਾ, ਜਮਾਲਪੁਰ, ਸੇਲਵਾਲਾ ਅਤੇ ਦੇਧਨਾ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋੰ ਟਰੈਕਟਰ ਟਰਾਲੀਆਂ ਸ਼ੰਗਾਰੀਆਂ ਗਈਆਂ ਸਨ, ਜੋ ਅਗਲੇ ਇੱਕ ਹਫ਼ਤੇ ਲਈ ਸੰਸਦ ’ਚੋਂ ਕਾਨੂੰਨਾਂ ਦੇ ਰੱਦ ਹੋਣ ਤੱਕ ਸਿੰਘੂ ਮੋਰਚੇ ’ਤੇ ਡੇਰਾ ਲਾਉਣਗੇ। ਕਿਸਾਨ ਆਗੂਆਂ ਗੁਰਵੰਤ ਸੰਧੂ ਅਤੇ ਜਗਤਾਰ ਸਿੰਘ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵੱਲੋੰ ਘੋਲ਼ ਦੀ ਜਿੱਤ ਦੇ ਅੰਤਿਮ ਐਲਾਨ ਤੱਕ ਦਿੱਲੀ ਬਾਰਡਰਾਂ ਤੇ ਡਟਣ ਦਾ ਅਹਿਦ ਕੀਤਾ ਗਿਆ ਹੈ।
ਲਹਿਰਾਗਾਗਾ(ਪੱਤਰ ਪ੍ਰੇਰਕ): ਇਥੇ ਲਹਿਲ ਖੁਰਦ ਪਿੰਡ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਪੱਕਾ ਮੋਰਚਾ 420ਵੇਂ ਦਿਨ ਵੀ ਜਾਰੀ ਰਿਹਾ। ਬਲਾਕ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਨੇ ਕਿਹਾ ਕਿ ਅੱਜ ਬਲਾਕ ਲਹਿਰਾਗਾਗਾ ਤੋ 25 ਹਜ਼ਾਰ ਤੋਂ ਵੱਧ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ , ਬੱਸਾਂ ਤੇ ਹੋਰ ਵਾਹਨਾਂ ’ਚ ਔਰਤਾਂ ਕਿਸਾਨ-ਮਜ਼ਦੂਰ, ਨੌਜਵਾਨ ਅਤੇ ਬੱਚੇੇ ਦਿੱਲੀ ਦੇ ਟਿਕਰੀ ਵੱਲ ਰਵਾਨਾ ਹੋਏ ਹਨ।
ਅੰਦੋਲਨ ਦੀ ਵਰ੍ਹੇਗੰਢ ਮੌਕੇ ਸੰਘਰਸ਼ ਵਿੱਚ ਕਰਨਗੇ ਸ਼ਮੂਲੀਅਤ
ਰਾਜਪੁਰਾ(ਪੱਤਰ ਪ੍ਰੇਰਕ): ਦਿੱਲੀ ਵਿੱਚ 26 ਨਵੰਬਰ ਨੂੰ ਕਿਸਾਨ ਅੰਦੋਲਨ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਏ ਜਾ ਰਹੇ ਵਰ੍ਹੇ ਗੰਢ ਵਿੱਚ ਸ਼ਾਮਲ ਹੋਣ ਲਈ ਇਸ ਖੇਤਰ ਵਿੱਚੋਂ ਗੁਜ਼ਰਦੀ ਅੰਮ੍ਰਿਤਸਰ-ਦਿੱਲੀ ਕੌਂਮੀਸ਼ਾਹ ਮਾਰਗ ਰਾਹੀਂ ਹਜ਼ਾਰਾਂ ਕਿਸਾਨ ਸੈਂਕੜੇ ਟਰੈਕਟਰ ਟਰਾਲੀਆਂ ਵਿੱਚ ਸਵਾਰ ਹੋ ਕੇ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਜਾਣਕਾਰੀ ਅਨੁਸਾਰ ਲੰਘੇ 24 ਘੰਟੇ ਦੌਰਾਨ ਪੰਜਾਬ ਦੇ ਤਰਨਤਾਰਨ, ਮੋਗਾ, ਜਲੰਧਰ, ਕਪੂਰਥਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਪਟਿਆਲਾ ਸਮੇਤ ਹੋਰਨਾਂ ਜ਼ਿਲ੍ਹਿਆਂ ਤੋਂ ਸੈਂਕੜੇ ਟਰੈਕਟਰ ਟਰਾਲੀਆਂ ਰਾਹੀਂ ਕਿਸਾਨ ਦਿੱਲੀ ਵੱਲ ਨੂੰ ਜਾ ਰਹੇ ਹਨ। ਇਸ ਮੌਕੇ ਸ਼ੰਭੂ ਬੈਰੀਅਰ ਤੋਂ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਆਗੂਆਂ ਪਵਨ ਕੁਮਾਰ ਸੋਗਲਪੁਰ, ਇਕਬਾਲ ਸਿੰਘ ਮੰਡੌਲੀ, ਪੱਪੂ ਰਾਮ ਖਡੋਲੀ, ਪਵਿੱਤਰ ਸਿੰਘ ਸਰਦਾਰਗੜ੍ਹ ਅਤੇ ਚਰਨਜੀਤ ਸਿੰਘ ਲਾਛੜੂ ਸਮੇਤ ਹੋਰਨਾਂ ਦੀ ਅਗਵਾਈ ਵਿੱਚ ਕਿਸਾਨਾਂ ਦਾ ਵੱਡਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਦੋਵੇਂ ਸਦਨਾਂ ਵਿੱਚ ਰੱਦ ਕਰਕੇ ਐਮ.ਐਸ.ਪੀ ਦੀ ਕਾਨੂੰਨੀ ਗਰੰਟੀ ਨਹੀਂ ਦਿੱਤੀ ਜਾਂਦੀ ਅਤੇ ਬਿਜਲੀ ਸੋਧ ਬਿੱਲ 2021 ਰੱਦ ਨਹੀਂ ਹੁੰਦਾ ਉਦੋਂ ਤੱਕ ਉਹ ਦਿੱਲੀ ਮੋਰਚੇ ਤੋਂ ਵਾਪਸ ਨਹੀਂ ਪਰਤਣਗੇ।