ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਦਸੰਬਰ
ਇੱਥੇ ਨਸ਼ੇ ਛੱਡਣ ਵਾਲਿਆਂ ਨੇ ਸਿਵਲ ਹਸਪਤਾਲ ’ਚੋਂ ਗੋਲੀਆਂ ਨਾ ਮਿਲਣ ਦੇ ਰੋਸ ਵਜੋਂ ਹਸਪਤਾਲ ਦੇ ਗੇਟ ਨੂੰ ਜਿੰਦਾ ਲਾ ਕੇ ਮੁਜ਼ਾਹਰਾ ਕੀਤਾ। ਨਸ਼ੇ ਛੱਡਣ ਵਾਲਿਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲਾਂ ਰਾਹੀਂ ਮਰੀਜ਼ਾਂ ਨੂੰ ਬਿਪਰੀਨੌਰਫਿਨ 2 ਮਿਲੀਗ੍ਰਾਮ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਪਰ ਪਿਛਲੇ ਕਈ ਦਿਨਾਂ ਤੋਂ ਹਸਪਤਾਲਾਂ ਵੱਲੋਂ ਬਹੁਤ ਘੱਟ ਜਾਂ ਘੱਟ ਮਿਕਦਾਰ ਦੀ ਦਵਾਈ ਉਨ੍ਹਾਂ ’ਤੇ ਅਸਰ ਨਾ ਕਰਨ ਕਰਕੇ ਉਹ ਕੰਮ ਕਰਨ ਦੀ ਹਾਲਤ ’ਚ ਨਹੀਂ ਹਨ। ਉਨ੍ਹਾਂ ਦੋ ਦਿਨ ਹਸਪਤਾਲ ’ਚ ਆਏ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਕੋਲ ਵੀ ਨਸ਼ਾ ਛੱਡਣ ਦੀਆਂ ਗੋਲੀਆਂ ਘੱਟ ਮਿਲਣ ਦਾ ਰੋਣਾ ਰੋਇਆ ਸੀ ਅਤੇ ਭਰੋਸੇ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਜਿੰਦਾ ਲਾ ਕੇ ਵਿਰੋਧ ਕਰਨਾ ਪਿਆ।
ਹਸਪਤਾਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਨੂੰ ਬਿਪਰੀਨੌਰਫਿਨ 2 ਮਿਲੀਗ੍ਰਾਮ ਦੀਆਂ ਗੋਲੀਆਂ ਦੀ ਘਾਟ ਹੋਣ ਕਾਰਨ ਜ਼ਿਲ੍ਹਾ ਹਸਪਤਾਲ ਵੱਲੋਂ ਨੂੰ ਸਿਰਫ਼ ਬਿਪਰੀਨੌਰਫਿਨ 1 ਮਿਲੀਗ੍ਰਾਮ ਦੀਆਂ ਗੋਲੀਆਂ ਭੇਜੀਆਂ ਜਾ ਰਹੀਆਂ ਹਨ ਜੋ ਕਾਰਡਧਾਰਕਾਂ ਨੂੰ ਸਪਲਾਈ ਕੀਤੀਆਂ ਜਾ ਰਹੀਆਂ ਹਨ।