ਹਰਦੀਪ ਸਿੰਘ ਸੋਢੀ
ਧੂਰੀ, 16 ਜਨਵਰੀ
ਲੰਘੀ ਦੇਰ ਸ਼ਾਮ ਸ਼ਹਿਰ ਅੰਦਰ ਧੂਰੀ-ਮਾਲੇਰਕੋਟਲਾ ਸੜਕ ’ਤੇ ਹਾਦਸਾਗ੍ਰਸਤ ਮਰੀਜ਼ ਨੂੰ ਲਿਜਾ ਰਹੀ ਐਂਬੂਲੈਂਸ ਅਤੇ ਟ੍ਰੈਕਟਰ-ਟਰਾਲੀ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿੱਚ ਐਂਬੂਲੈਂਸ ਦੇ ਡਰਾਈਵਰ ਸਮੇਤ ਪੰਜ ਜਣੇ ਫੱਟੜ ਹੋ ਗਏ, ਜਦੋਂਕਿ ਗੰਭੀਰ ਫੱਟੜ ਮਰੀਜ਼ ਦੀ ਮੌਤ ਹੋ ਗਈ। ਪਰ ਹਾਦਸੇ ਦੌਰਾਨ ਟਰੈਕਟਰ-ਡਰਾਈਵਰ ਦਾ ਸੱਟ ਫੇਟ ਤੋਂ ਬਚਾਅ ਹੋ ਗਿਆ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸਿਵਲ ਹਸਪਤਾਲ ਦੀ ਐਂਬੂਲੈਂਸ ਨੇੜਲੇ ਪਿੰਡ ਬੁਗਰਾ ਨੇੜੇ ਵਾਪਰੇ ਇੱਕ ਸੜਕ ਹਾਦਸੇ ’ਚ ਗੰਭੀਰ ਫੱਟੜ ਅਤੇ ਸਿਵਲ ਹਸਪਤਾਲ ਵੱਲੋਂ ਰੈਫਰ ਕੀਤੇ ਗਏ ਮਰੀਜ਼ ਜਸਵਿੰਦਰ ਸਿੰਘ ਨੂੰ ਲੁਧਿਆਣਾ ਵੱਲ ਦੇਰ ਸ਼ਾਮ ਕਰੀਬ ਅੱਠ ਵਜੇ ਲਿਜਾ ਰਹੀ ਸੀ। ਇਸ ਦੌਰਾਨ ਸ਼ਹਿਰ ਅੰਦਰ ਧੂਰੀ-ਮਾਲੇਰਕੋਟਲਾ ਬਾਈਪਾਸ ਰੋਡ ’ਤੇ ਆਟੋ ਨੇੜੇ ਅੱਗਿਓਂ ਆ ਰਹੀ ਟਰੈਕਟਰ-ਟਰਾਲੀ ਨਾਲ ਐਂਬੂਲੈਂਸ ਟਕਰਾ ਗਈ। ਇਸ ਭਿਆਨਕ ਹਾਦਸੇ ’ਚ ਐਂਬੂਲੈਂਸ ਦਾ ਇੱਕ ਪਾਸਾ ਬੁਰੀ ਤਰਾਂ ਤਬਾਹ ਹੋ ਗਿਆ। ਹਾਦਸੇ ਦੌਰਾਨ ਐਂਬੂਲੈਂਸ ਦੇ ਡਰਾਈਵਰ ਕੁਲਵੰਤ ਸਿੰਘ ਲਾਲੀ ਦਾ ਪੱਟ ਟੁੱਟ ਗਿਆ, ਜਦੋਂਕਿ ਉਸਦੇ ਸਾਥੀ ਮੁਲਾਜ਼ਮ ਅਮਰੀਸ਼ ਦੇ ਗੰਭੀਰ ਸੱਟਾਂ ਲੱਗਣ ਤੋਂ ਇਲਾਵਾ ਮਰੀਜ਼ ਨਾਲ ਐਂਬੂਲੈਂਸ ’ਚ ਜਾ ਰਹੇ ਗੁਰਵਿੰਦਰ ਸਿੰਘ, ਮੇਜਰ ਸਿੰਘ ਅਤੇ ਜਗਸੀਰ ਸਿੰਘ ਫੱਟੜ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਜਸਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁਢਲੀ ਸਹਾਇਤਾ ਦੇਣ ਮਗਰੋਂ ਇਲਾਜ ਲਈ ਲੁਧਿਆਣਾ ਰੈਫ਼ਰ ਕਰ ਦਿੱਤਾ, ਜਦੋਂਕਿ ਡਰਾਈਵਰ ਕੁਲਵੰਤ ਸਿੰਘ ਲਾਲੀ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ। ਸੂਚਨਾ ਅਨੁਸਾਰ ਪਹਿਲਾਂ ਹੀ ਗੰਭੀਰ ਫੱਟੜ ਜਸਵਿੰਦਰ ਸਿੰਘ ਦੀ ਲੁਧਿਆਣਾ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ। ਸੰਪਰਕ ਕਰਨ ’ਤੇ ਥਾਣਾ ਸਦਰ ਧੂਰੀ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਜਸਵਿੰਦਰ ਸਿੰਘ ਦੀ ਪਿੰਡ ਬੁਗਰਾ ਨੇੜੇ ਕਾਰ ਬੇਕਾਬੂ ਹੋਣ ਕਾਰਨ ਵਾਪਰੇ ਹਾਦਸੇ ਕਰਕੇ ਹੋਈ ਮੌਤ ਦੇ ਮਾਮਲੇ ’ਚ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਸੰਦੌੜ ਵਿੱਚ ਟਰੱਕ ਦੁਕਾਨਾਂ ਵਿੱਚ ਵੜਿਆ
ਸੰਦੌੜ (ਪੱਤਰ ਪ੍ਰੇਰਕ) ਕਸਬਾ ਸੰਦੌੜ ਵਿੱਚ ਅੱਜ ਤੜਕਸਾਰ ਇਕ ਬੇਕਾਬੂ ਟਰੱਕ ਅਚਾਨਕ ਦੁਕਾਨਾਂ ਵਿੱਚ ਜਾ ਵੜਿਆ ਜਿਸ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਮਾਲੇਰਕੋਟਲਾ ਸਾਈਡ ਤੋਂ ਆ ਰਿਹਾ ਟਰੱਕ ਜਿਵੇਂ ਹੀ ਸੰਦੌੜ ਦੇ ਮੁੱਖ ਚੌਕ ਵਿੱਚ ਪਹੁੰਚਿਆ ਤਾਂ ਅਚਾਨਕ ਟਰੱਕ ਦਾ ਸਤੁੰਲਨ ਵਿਗੜ ਗਿਆ ਅਤੇ ਇਹ ਬੇਕਾਬੂ ਹੋ ਕੇ ਤਿੰਨ ਦੁਕਾਨਾਂ ਵਿੱਚ ਜਾ ਵੜਿਆ ਅਤੇ ਦੁਕਾਨਾਂ ਦੇ ਅੱਗੇ ਪਿਆ ਸਾਮਾਨ ਖਿਲਾਰ ਦਿੱਤਾ। ਜ਼ਿਕਰਯੋਗ ਹੈ ਕਿ ਅਕਸਰ ਹੀ ਇਨ੍ਹਾਂ ਦੁਕਾਨਾਂ ਅੱਗੇ ਦੁਕਾਨਦਾਰ ਬੈਠੇ ਰਹਿੰਦੇ ਸੀ ਪਰ ਅੱਜ ਸਵੇਰ ਵੇਲੇ ਉਥੇ ਕੋਈ ਵੀ ਗਾਹਕ ਮੌਜੂਦ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੀੜਤ ਦੁਕਾਨਦਾਰਾਂ ਜੀਵਨ ਕੁਮਾਰ, ਸ਼ੈਲੀ ਅਤੇ ਰਾਮ ਕੁਮਾਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਥਾਣਾ ਸੰਦੌੜ ਦੇ ਪੁਲੀਸ ਮੁਲਾਜ਼ਮਾਂ ਨੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਵੀ ਕੀਤਾ।