ਮੁਕੰਦ ਸਿੰਘ ਚੀਮਾ
ਸੰਦੌੜ, 7 ਅਕਤੂਬਰ
ਪਿਛਲੀ ਕਾਂਗਰਸ ਸਰਕਾਰ ਦੌਰਾਨ ਮਨਜ਼ੂਰ ਹੋਈ ਸੇਰਗੜ੍ਹ ਚੀਮਾ ਤੋਂ ਭੂਦਨ ਲਿੰਕ ਸੜਕ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਰੁਕ ਜਾਣ ਕਾਰਨ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਨਵ ਨਿਰਮਾਣ ਸੜਕ ਉਪਰ ਪਾਏ ਗਏ ਪੱਥਰ ਖਿੱਲਰ ਜਾਣ ਕਾਰਨ ਰਾਹਗੀਰਾਂ ਦਾ ਲੰਘਣਾ ਔਖਾ ਹੋਇਆ ਪਿਆ ਹੈ। ਜ਼ਿਕਰਯੋਗ ਹੈ ਕਿ ਠੇਕੇਦਾਰ ਹਰਭਜਨ ਸਿੰਘ ਐਂਡ ਕੰਪਨੀ ਨੇ ਪਿਛਲੀ ਕਾਂਗਰਸ ਸਰਕਾਰ ਸਮੇਂ ਨਵੰਬਰ 2021 ਵਿਚ 1.60 ਕਿਲੋਮੀਟਰ ਲੰਮੇ ਇਸ ਕੱਚੇ ਰਸਤੇ ਨੂੰ ਪੱਕਾ ਕਰਨ ਦਾ 43.69 ਲੱਖ ਰੁਪਏ ਦਾ ਟੈਂਡਰ ਲਿਆ ਸੀ ਅਤੇ ਇਸ ਸੜਕ ਦਾ ਨਿਰਮਾਣ 6 ਮਹੀਨਿਆਂ ਵਿਚ ਪੂਰਾ ਕਰਨਾ ਸੀ। ਠੇਕੇਦਾਰ ਨੇ ਅੱਧੀ ਸੜਕ ਉਪਰ ਪੱਥਰ ਪਾ ਕੇ ਕੰਮ ਬੰਦ ਕਰ ਦਿੱਤਾ। ਦਰਜਨ ਦੇ ਕਰੀਬ ਪਿੰਡਾਂ ਨੂੰ ਜੋੜਦੇ ਇਸ ਰਸਤੇ ਉਪਰ ਆਵਜਾਈ ਵੀ ਜ਼ਿਆਦਾ ਚਲਦੀ ਹੈ ਪਰ ਸੜਕ ਉਪਰ ਪਾਏ ਪੱਥਰ ਬਾਹਰ ਨਿਕਲ ਜਾਣ ਕਾਰਨ ਲੋਕ ਪ੍ਰੇਸ਼ਾਨ ਹਨ। ਝੋਨੇ ਦੇ ਸੀਜ਼ਨ ਦੇ ਚਲਦਿਆਂ ਕਿਸਾਨਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਜਦਕਿ ਇਸ ਰਸਤੇ ਉਪਰ ਪੈਂਦੇ ਕਈ ਖੇਤਾਂ ਵਿਚ ਕਿਸਾਨਾਂ ਵੱਲੋਂ ਗੰਨੇ ਦੀ ਫਸਲ ਬੀਜੀ ਹੋਈ ਹੈ। ਇਸ ਦੀ ਕਟਾਈ ਵੀ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ।
ਕਿਸਾਨ ਵੱਲੋਂ ਨਿਸ਼ਾਨਦੇਹੀ ਦੀ ਦਰਖ਼ਾਸਤ ਕਾਰਨ ਕੰਮ ਰੁਕਿਆ: ਐੱਸਡੀਓ
ਸੰਦੌੜ: ਪੀਬੀਡਬਲਿਊ ਬੀਐਂਡਆਰ ਦੇ ਐੱਸਡੀਓ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਕ ਕਿਸਾਨ ਵੱਲੋਂ ਨਿਸ਼ਾਨਦੇਹੀ ਦੀ ਦਿੱਤੀ ਦਰਖਾਸਤ ਕਾਰਨ ਕੰਮ ਰੁਕ ਗਿਆ ਸੀ ਅਤੇ ਮਾਲ ਮਹਿਕਮੇ ਵੱਲੋਂ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ। ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਅਤੇ ਜਲਦ ਹੀ ਇਸ ਸੜਕ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ। ਉਧਰ ਸਬੰਧਤ ਠੇਕੇਦਾਰ ਨਾਲ ਸੰਪਰਕ ਨਹੀਂ ਹੋ ਸਕਿਆ।
ਬੀਕੇਯੂ ਵੱਲੋਂ ਸੜਕਾਂ ਦੀ ਮਾੜੀ ਹਾਲਤ ਖ਼ਿਲਾਫ਼ ਪੱਕੇ ਮੋਰਚੇ ਦੀ ਚਿਤਾਵਨੀ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਸਰਬਜੀਤ ਸ਼ਰਮਾ ਨੇ ਦੋਸ਼ ਲਾਇਆ ਕਿ ਲਹਿਰਾਗਾਗਾ ਸ਼ਹਿਰ ਵਿਚ ਰੱਤੀਭਰ ਵੀ ਵਿਕਾਸ ਦਾ ਕੰਮ ਨਹੀਂ ਹੋ ਰਿਹਾ ਇਸ ਕਰਕੇ ਲੋਕ ਖੱਜਲਖੁਆਰ ਹੋ ਰਹੇ ਹਨ। ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੇ ਸਾਰੇ ਵਾਅਦ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਰਾਣੀ ਗਊਸ਼ਾਲਾ ਰੋਡ ਬਿਲਕੁਲ ਖਸਤਾ ਹਾਲਤ ਵਿੱਚ ਹੈ। ਵੱਡੇ ਵੱਡੇ ਟੋਏ ਪਏ ਹੋਏ ਹਨ। ਇਹ ਰੋਡ ਮੇਨ ਬਾਜ਼ਾਰ ਵਿੱਚੋਂ ਹੁੰਦੀ ਹੋਈ ਧਰਮਸ਼ਾਲਾ,ਬਿਜਲੀ ਬੋਰਡ ਦੇ ਐਕਸੀਅਨ ਦਫ਼ਤਰ, ਥਾਣਾ, ਪਸ਼ੂ ਹਸਪਤਾਲ ਅਤੇ ਜਾਖਲ ਰੋਡ ਨਾਲ਼ ਜੋੜਦੀ ਹੈ। ਇਸ ਉੱਤੇ ਹਰ ਸਮੇਂ ਟ੍ਰੈਫਿਕ ਰਹਿੰਦੀ ਹੈ। ਕਈ ਵਾਰ ਸੜਕ ਹਾਦਸੇ ਹੋ ਚੁੱਕੇ ਹਨ। ਬਾਰਸ਼ਾਂ ਸਮੇਂ ਸੜਕ ਉੱਤੇ ਪਾਣੀ ਭਰ ਜਾਂਦਾ ਹੈ। ਉਧਰ ਪਸ਼ੂ ਹਸਪਤਾਲ ਦੀ ਇਮਾਰਤ ਖਸਤਾ ਹਾਲਤ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਧਰੋਂ ਅੰਡਰਬ੍ਰਿਜ ਦਾ ਬੁਰਾ ਹਾਲ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਗੌਰ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਖੋਲ੍ਹਿਆ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸੌਰ, ਸਰਬਜੀਤ ਸ਼ਰਮਾ, ਭੁਪਿੰਦਰ ਪਾਲ ਸ਼ਰਮਾ, ਲੱਖੀ, ਬਿੰਦਰ ਖੋਖਰ, ਬਲਜੀਤ ਗੋਬਿੰਦਗੜ੍ਹ ਜੇਜੀਆ ਆਗੂ ਹਾਜ਼ਰ ਸਨ।