ਪੱਤਰ ਪ੍ਰੇਰਕ
ਲਹਿਰਾਗਾਗਾ, 17 ਜੂਨ
ਏਟਕ ਦੇ ਪ੍ਰਧਾਨ ਕਾਮਰੇਡ ਮਹਿੰਦਰ ਸਿੰਘ ਬਾਗੀ, ਪ੍ਰਾਈਵੇਟ ਬੱਸਾਂ ਦੇ ਇੰਚਾਰਜ ਆਤਮਾ ਰਾਮ, ਰਾਜੇਸ਼ ਕੁਮਾਰ, ਗੋਰਾ ਕੁਮਾਰ, ਬਲਵਿੰਦਰ ਸਿੰਘ ਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਲਹਿਰਾਗਾਗਾ ਦੇ ਆਧੁਨਿਕ ਬੱਸ ਅੱਡੇ ’ਚ ਹਰ ਦਿਨ ਸੈਂਕੜੇ ਬੱਸਾਂ ਆਉਂਦੀਆਂ ਜਾਂਦੀਆਂ ਹਨ ਅਤੇ ਬੱਸਾਂ ਵਾਲਿਆਂ ਤੋਂ ਬਾਕਾਇਦਾ ਅੱਡਾ ਫੀਸ ਵਸੂਲੀ ਜਾਂਦੀ ਹੈ ਪਰ ਇੱਥੇ ਗਰਮੀ ’ਚ ਵੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਨਹੀਂ ਹੋਣ ਕਾਰਨ ਭਾਰੀ ਦਿੱਕਤ ਆ ਰਹੀ ਹੈ। ਆਗੂਆਂ ਦੱਸਿਆ ਕਿ ਬੱਸ ਅੱਡੇ ’ਤੇ ਲਾਈ ਬਿਜਲੀ ਦੀ ਮੋਟਰ ਇੱਕ ਸਾਲ ਤੋਂ ਖਰਾਬ ਹੈ ਪਰ ਪ੍ਰਸ਼ਾਸਨ ਨੇ ਉਸ ਨੂੰ ਠੀਕ ਕਰਵਾਉਣ ਦੀ ਲੋੜ ਨਹੀਂ ਸਮਝੀ ਜਦੋਂਕਿ ਮੁਸਾਫਿਰਾਂ, ਕੰਡਕਡਰਾਂ, ਕਲੀਨਰਾਂ ਤੇ ਡਰਾਈਵਰਾਂ ਨੂੰ ਪਾਣੀ ਲਈ ਇਧਰ-ਉਧਰ ਜਾਂ ਦੁਕਾਨਾਂ ਤੋਂ ਮੁੱਲ ਪਾਣੀ ਖਰੀਦਣਾ ਪੈਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਸ ਅੱਡੇ ’ਚ ਸਵਾਰੀਆਂ ਤੇ ਹੋਰ ਕਰਮਚਾਰੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉਧਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਨੀਲ ਦੱਤ ਵਰਮਾ ਨੇ ਕਿਹਾ ਕਿ ਇਕ-ਦੋ ਦਿਨਾਂ ਵਿੱਚ ਸਮੱਸਿਆ ਦਾ ਹੱਲ ਹੋ ਜਾਵੇਗਾ।