ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 20 ਮਈ
ਪਾਤੜਾਂ ਵਾਇਆ ਦਿੜ੍ਹਬਾ ਸੰਗਰੂਰ ਨੂੰ ਜਾਣ ਲਈ ਬੱਸਾਂ ਦੇ ਰੂਟ ਘੱਟ ਹੋਣ ਕਾਰਨ ਸਵੇਰੇ ਸਮੇਂ ਵੱਖ-ਵੱਖ ਕਾਲਜਾਂ, ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੀ ਭੀੜ ਵਧਣ ਕਾਰਨ ਆਮ ਸਵਾਰੀਆਂ ਵੀ ਖੱਜਲ ਹੋ ਰਹੀਆਂ ਹਨ। ਰਣਬੀਰ ਕਾਲਜ ਜਾਣ ਵਾਲੇ ਵਿਦਿਆਰਥੀ ਜਸਵੀਰ ਸਿੰਘ, ਮੁਸਕਾਨ, ਅਮਨਦੀਪ ਕੌਰ ਅਤੇ ਰਣਬੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਸਵਾ ਅੱਠ ਵਜੇ ਤੋਂ ਲੈ ਕੇ ਕਾਫੀ ਸਮੇਂ ਤੱਕ ਬੱਸ ਸਰਵਿਸ ਘੱਟ ਹੋਣ ਕਾਰਨ ਬੱਸ ਅੱਡੇ ਵਿੱਚ ਭੀੜ ਵਧ ਜਾਂਦੀ ਹੈ, ਜਿਸ ਕਰਕੇ ਵਿਦਿਆਰਥੀਆਂ ਨੂੰ ਆਪਣੇ ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ ਸਮੇਂ ਸਿਰ ਜਾਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਆਮ ਸਵਾਰੀਆਂ ਨੂੰ ਵੀ ਬੱਸ ਚੜ੍ਹਨ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪੀਆਰਟੀਸੀ ਦੇ ਦਿੜ੍ਹਬਾ ਵਿੱਚ ਤਾਇਨਾਤ ਅੱਡਾ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦੋ ਦਿਨ ਪੰਜਾਬ ਰੋਡਵੇਜ਼ ਦੀ ਹੜਤਾਲ ਹੋਣ ਕਰਕੇ ਦੋ ਦਿਨਾਂ ਤੋਂ ਭੀੜ ਜੁੜ ਰਹੀ ਸੀ ਪਰ ਅੱਜ ਹੜਤਾਲ ਖੁੱਲ੍ਹ ਗਈ ਹੈ। ਉਨ੍ਹਾਂ ਦੱਸਿਆ ਕਿ ਪੀਆਰਟੀਸੀ ਨੇ ਇੱਥੇ ਦੋ ਹੋਰ ਬੱਸਾਂ ਸਪੈਸ਼ਲ ਲਾਈਆਂ ਹਨ ਪਰ ਇਸ ਦੇ ਬਾਵਜੂਦ ਭੀੜ ਬਹੁਤ ਰਹਿੰਦੀ ਹੈ ਤੇ ਸਵੇਰ ਸਮੇਂ ਬੱਸਾਂ ਦੇ ਹੋਰ ਰੂਟ ਵਧਾਉਣ ਦੀ ਲੋੜ ਹੈ।