ਪੱਤਰ ਪ੍ਰੇਰਕ
ਲਹਿਰਾਗਾਗਾ, 23 ਫਰਵਰੀ
ਹਿਸਾਰ -ਲੁਧਿਆਣਾ ਰੇਲ ਸੇਵਾ ਲੋਕਾਂ ਲਈ ਲਾਈਫ ਲਾਇਨ ਦਾ ਕੰਮ ਕਰਦੀ ਸੀ ਪਰ ਕਰੋਨਾ ਮਗਰੋਂ ਬੰਦ ਕੀਤੀ ਰੇਲ ਸੇਵਾ ਨੂੰ ਪੂਰਨ ਰੂਪ ਵਿੱਚ ਨਾ ਚਲਾਉਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਡੇਲੀ ਪੈਸੰਜਰ ਯੂਨੀਅਨ ਨੇ ਨਾਰਥਨ ਰੇਲਵੇ ਦੇ ਅੰਬਾਲਾ ਦੇ ਡੀਆਰਐੱਮ ਗੁਰਿੰਦਰ ਸੋਹਣ ਸਿੰਘ ਨੂੰ ਮੰਗ ਪੱਤਰ ਦੇ ਕੇ ਦੱਸਿਆ ਕਿ ਹਿਸਾਰ-ਲੁਧਿਆਣਾ ਰੇਲਵੇ ਲਾਈਨ ’ਤੇ ਪੈਸੰਜਰ ਗੱਡੀਆਂ ਸਵੇਰੇ ਤੋ ਸ਼ਾਮ ਤੱਕ 20 ਤੋਂ ਵੱਧ ਬੰਦ ਹੋਣ ਕਰਕੇ ਇਨ੍ਹਾਂ ਸਟੇਸ਼ਨਾਂ ਦੇ ਮੁਸ਼ਾਫਰਾਂ ਨੂੰ ਵਾਧੂ ਪੈਸੇ ਖਰਚ ਕੇ ਬੱਸਾਂ ਰਾਹੀਂ ਸਫਰ ਕਰਨਾ ਪੈ ਰਿਹਾ ਹੈ। ਰੇਲ ਵਿਭਾਗ ਨੇ ਇਥੇ ਸਰਬੱਤ ਦਾ ਭਲਾ ਗੱਡੀ ਦਾ ਸਟੇਸ਼ਨ ਬਣਾਇਆ ਪਰ ਲੁਧਿਆਣਾ ਜਾਣ ਸਮੇਂ ਇਹ ਸੁਨਾਮ ਵੀ ਨਹੀਂ ਰੁਕਦੀ ਜਦਕਿ ਕਈ ਗੱਡੀਆਂ ਲਹਿਰਾਗਾਗਾ ਨਹੀਂ ਰੁੱਕਦੀਆਂ। ਜਿੱਥੋਂ 1500 ਤੋਂ ਵੱਧ ਸਵਾਰੀਆਂ ਚੜ੍ਹਦੀਆਂ ਉਤਰਦੀਆਂ ਸਨ। ਉਧਰ ਐੱਨਆਰਐੱਮਯੂ ਦੇ ਜਰਨਲ ਸਕੱਤਰ ਰਾਜੀਵ ਸ਼ਰਮਾ ਨੇ ਧੂਰੀ-ਜਾਖਲ ਰੇਲ ਲਾਈਨਾਂ ’ਤੇ ਸਟੇਸ਼ਨਾਂ ਦਾ ਨਿਰੀਖਣ ਕਰਨ ਆਏ ਡੀਆਰਐੱਮ ਗੁਰਿੰਦਰ ਸੋਹਣ ਸਿੰਘ ਤੇ ਹੋਰ ਉਚ ਅਧਿਕਾਰੀਆਂ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ। ਉਧਰ ਸੰਯੁਕਤ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦਵਿੰਦਰ ਨੀਟੂ ਤੇ ਸਾਥੀਆਂ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਪੱਤਰ ਲਿਖ ਕੇ ਪੈਸੰਜਰ ਗੱਡੀਆਂ ਚਲਾਉਣ ਤੇ ਲੰਬੇ ਰੂਟ ਦੀਆਂ ਗੱਡੀਆਂ ਦਾ ਲਹਿਰਾਗਾਗਾ ’ਚ ਠਹਿਰਾਓ ਕਰਵਾਉਣ ਦੀ ਮੰਗ ਕੀਤੀ ਹੈ।