ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਫਰਵਰੀ
ਲਹਿਰਾ ਵਿਧਾਨ ਸਭਾ ਹਲਕੇ ਤੋਂ ਪਰਮਿੰਦਰ ਸਿੰਘ ਢੀਂਗਰਾ ਨਾਮ ਦਾ ਇੱਕ ਵਿਅਕਤੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰਿਆ ਹੈ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਵਜੋਂ ਪਰਮਿੰਦਰ ਸਿੰਘ ਢੀਂਡਸਾ ਚੋਣ ਮੈਦਾਨ ਵਿੱਚ ਹਨ। ਸ੍ਰੀ ਢੀਂਡਸਾ ਨੇ ਪਰਮਿੰਦਰ ਸਿੰਘ ਢੀਂਗਰਾ ਨਾਮ ਦੇ ਵਿਅਕਤੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਦੋਸ਼ ਆਮ ਆਦਮੀ ਪਾਰਟੀ ’ਤੇ ਲਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਲਕੇ ਵਿੱਚ ਵੋਟਰਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ ਜਿਸ ਨੇ ਉਨ੍ਹਾਂ ਦੇ ਨਾਮ ਵਾਲੇ ਵਿਅਕਤੀ ਪਰਮਿੰਦਰ ਸਿੰਘ ਢੀਂਗਰਾ ਨੂੰ ਜਾਣ-ਬੁੱਝ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ ਜੋ ਵੋਟਰਾਂ ਨੂੰ ਭੁਲੇਖਾ ਪਾਉਣ ਦਾ ਕੋਝਾ ਯਤਨ ਹੈ। ਢੀਂਡਸਾ ਇੱਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਢੀਂਡਸਾ ਨੇ ਕਿਹਾ ਕਿ ਜਮਹੂਰੀਅਤ ਦੇ ਇਸ ਸਭ ਤੋਂ ਵੱਡੇ ਮੇਲੇ ਵਿੱਚ ਹਲਕੇ ਦੇ ਅਸਲ ਮੁੱਦਿਆਂ ਨੂੰ ਗਾਇਬ ਕਰਕੇ ਧੋਖੇ ਨਾਲ ਵੋਟਾਂ ਬਟੋਰਨ ਦੀ ਖੇਡ ਖੇਡੀ ਗਈ ਹੈ ਜੋ ਸਿਆਸੀ ਨੀਤੀਆਂ ਨੂੰ ਉਭਾਰਨ ਦੀ ਬਜਾਏ ਨਾਂਹ-ਪੱਖੀ ਸੋਚ ਉਭਾਰਨ ਦਾ ਪੁਖਤਾ ਸਬੂਤ ਹੈ। ਢੀਂਡਸਾ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਇਕ ਨੂੰ ਚੋਣਾਂ ਲੜਨ ਦਾ ਪੂਰਾ ਅਧਿਕਾਰ ਹੈ, ਪਰ ਇਸ ਤਰ੍ਹਾਂ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਇਸ ਅਧਿਕਾਰ ਦਾ ਆਮ ਆਦਮੀ ਪਾਰਟੀ ਵੱਲੋਂ ਨਾਜਾਇਜ਼ ਫਾਇਦਾ ਚੁੱਕਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਚੋਣ ਕਮਿਸ਼ਨ ਪੰਜਾਬ ਨੂੰ ਬਕਾਇਦਾ ਪੱਤਰ ਲਿਖ ਕੇ ਸ਼ਿਕਾਇਤ ਵੀ ਕੀਤੀ ਗਈ ਹੈ। ਇਸ ਉਮੀਦਵਾਰ ਦੇ ਨਾਮ ਪਿੱਛੇ ਲਿਖਿਆ ‘‘ ਢੀਂਗਰਾ ’’ ਸ਼ਬਦ ਹਟਾਇਆ ਜਾਵੇ।
ਬੀਬੀ ਭੱਠਲ ਦੇ ਹੱਕ ਵਿੱਚ ਪੁੱਤ ਨੇ ਪ੍ਰਚਾਰ ਭਖਾਇਆ
ਲਹਿਰਾਗਾਗਾ (ਪੱਤਰ ਪ੍ਰੇਰਕ): ਲਹਿਰਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਤੇ ਸੂਬਾ ਕਾਂਗਰਸ ਦੇ ਮੀਡੀਆ ਪੈਨਾਲਿਸਟ ਰਾਹੁਲਇੰਦਰ ਸਿੰਘ ਸਿੱਧੂ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਅਤੇ ਮੁੱਖ ਬਾਜ਼ਾਰ ਵੱਚ ਜਾ ਕੇ ਆਪਣੀ ਮਾਤਾ ਦੇ ਹੱਕ ਵਿੱਚ ਲੋਕਾਂ ਤੋਂ ਸਮਰਥਨ ਮੰਗਿਆ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਇਸ ਵਾਰ ਬੀਬੀ ਭੱਠਲ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਤਾਂ ਜੋ ਪਿਛਲੇ ਸਮੇਂ ਵਿੱਚ ਰਹੀਆਂ ਕਮੀਆਂ ਅਤੇ ਅਧੂਰੇ ਪਏ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਪੰਜਾਬ ਵਿੱਚ ਕਾਂਗਰਸ ਦੇ ਹੱਕ ਵਿਚ ਹਵਾ ਚੱਲ ਰਹੀ ਹੈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਮ ਆਦਮੀ ਪਾਰਟੀ ਦੇ ਚਿਹਰੇ ਤੋਂ ਆਮ ਆਦਮੀ ਦਾ ਮਖੌਟਾ ਉਤਾਰ ਦਿੱਤਾ ਗਿਆ ਹੈ ਤੇ ਟਿਕਟਾਂ ਵੇਚਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੀ ਆਪ ਤੋਂ ਪੰਜਾਬ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਦੂਜੇ ਪਾਸੇ ਭਾਜਪਾ ,ਕੈਪਟਨ ਤੇ ਢੀਂਡਸਾ ਦੀ ਤਿੱਕੜੀ ਵੀ ਲੋਕਾਂ ਨੂੰ ਧਰਮ ਅਤੇ ਜਾਤ ਦੇ ਨਾਂ ’ਤੇ ਲੜਾ ਤਾਂ ਸਕਦੀ ਹੈ ਪਰ ਪੰਜਾਬ ਦਾ ਵਿਕਾਸ ਤੇ ਭਲਾ ਨਹੀਂ ਕਰ ਸਕਦੀ।