ਪੱਤਰ ਪ੍ਰੇਰਕ
ਲਹਿਰਾਗਾਗਾ, 24 ਜਨਵਰੀ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਹਲਕਾ ਲਹਿਰਾਗਾਗਾ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਵੱਖ-ਵੱਖ ਪਿੰਡਾਂ ਅੰਦਰ ਨੁੱਕੜ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਸੇਵਾ ਅਤੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਇੱਕ ਹੋਰ ਮੌਕੇ ਦੇ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੁਬਾਰਾ ਮੌਕਾ ਮਿਲਣ ’ਤੇ ਉਹ ਵਿਕਾਸ ਰਾਹੀਂ ਹਲਕੇ ਦੇ ਨੁਹਾਰ ਬਦਲ ਦੇਣਗੇ। ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੀ ਅਸਲੀ ਅਕਾਲੀ ਦਲ ਹੈ। ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਇੱਕ ਪਰਿਵਾਰ ਦੀ ਨਿੱਜੀ ਕੰਪਨੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ ਤੇ ਪਤਵੰਤੇ ਹਾਜ਼ਰ ਸਨ।
ਅਕਾਲੀ ਦਲ-ਬਸਪਾ ਵਿਕਾਸ ਤੇ ਏਕਤਾ ਦਾ ਗੱਠਜੋੜ: ਭਾਈ ਲੌਂਗੋਵਾਲ
ਲਹਿਰਾਗਾਗਾ: ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਪੰਜਾਬ ਵਿਚ ਵਿਕਾਸ ਅਤੇ ਭਾਈਚਾਰਕ ਏਕਤਾ ਦਾ ਗਠਜੋੜ ਹੈ ਅਤੇ ਗਠਜੋੜ ਸਰਕਾਰ ਬਣਨ ‘ਤੇ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ ਜਾਵੇਗਾ। ਭਾਈ ਲੌਂਗੋਵਾਲ ਨੇ ਕਿਹਾ ਕਿ ਗਠਜੋੜ ਵਲੋਂ 16 ਨੁਕਾਤੀ ਚੋਣ ਪ੍ਰੋਗਰਾਮ ਪੰਜਾਬ ਦੇ ਹਰ ਵਰਗ ਦੀ ਖੁਸ਼ਹਾਲੀ ਦੀ ਗਾਰੰਟੀ ਹੈ।