ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਅਕਤੂਬਰ
ਸਥਾਨਕ ਸ਼ਹਿਰ ਦਾ 24 ਸਾਲਾ ਨੌਜਵਾਨ ਹਰਿਆਣਾ ਸਿਵਲ ਸਰਵਿਸਿਜ ਜੁਡੀਸ਼ੀਅਲ ਵਿਚੋਂ 48ਵਾਂ ਰੈਂਕ ਹਾਸਲ ਕਰਕੇ ਛੋਟੀ ਉਮਰੇ ਜੱਜ ਬਣਿਆ ਹੈ। ਨੌਜਵਾਨ ਪਾਰਿੰਦਰ ਸਿੰਘ ਸਥਾਨਕ ਸਰਕਾਰੀ ਰਣਬੀਰ ਕਾਲਜ ਦੇ ਫਿਜ਼ਿਕਸ ਵਿਭਾਗ ਦੇ ਮੁਖੀ ਪ੍ਰੋ. ਜਗਸੀਰ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਰੋਂ ਵਿਖੇ ਸੇਵਾ ਨਿਭਾ ਰਹੇ ਅਧਿਆਪਕਾ ਰਾਜਵਿੰਦਰ ਕੌਰ ਦਾ ਇਕਲੌਤਾ ਪੁੱਤਰ ਹੈ ਜਿਸ ਨੇ ਛੋਟੀ ਉਮਰੇ ਵੱਡੀ ਪ੍ਰਾਪਤੀ ਕਰਕੇ ਆਪਣੇ ਮਾਪਿਆਂ ਅਤੇ ਸੰਗਰੂਰ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਪਾਰਿੰਦਰ ਸਿੰਘ ਦੇ ਪਿਤਾ ਪ੍ਰੋ. ਜਗਸੀਰ ਸਿੰਘ ਨੇ ਦੱਸਿਆ ਕਿ ਧੂਰੀ ਨੇੜਲਾ ਪਿੰਡ ਬਮਾਲ ਉਨ੍ਹਾਂ ਦਾ ਜ਼ੱਦੀ ਪਿੰਡ ਹੈ ਪਰੰਤੂ ਉਹ ਆਪਣੇ ਪੁੱਤਰ ਦੀ ਪੜ੍ਹਾਈ ਲਈ ਕਰੀਬ ਦੋ ਦਹਾਕੇ ਪਹਿਲਾਂ ਸੰਗਰੂਰ ਸ਼ਹਿਰ ਆ ਗਏ ਸੀ। ਸ਼ਹਿਰ ਦੇ ਨਾਨਕਿਆਣਾ ਇਨਕਲੇਵ ਦੇ ਵਸਨੀਕ ਪਾਰਿੰਦਰ ਸਿੰਘ ਨੇ ਜਨਰਕ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਤੋਂ ਪੜ੍ਹਾਈ ਕੀਤੀ ਹੈ ਅਤੇ 10+2 ਨਾਨ-ਮੈਡੀਕਲ ਵਿਚ ਸੀ.ਬੀ.ਐਸ.ਈ. ਬੋਰਡ ਤੋਂ ਮੈਰਿਟ ਸਰਟੀਫਿਕੇਟ ਪ੍ਰਾਪਤ ਕੀਤਾ। ਸਾਲ 2011 ਵਿਚ ਸੱਤਵੀਂ ਕਲਾਸ ’ਚ ਪੜ੍ਹਦਿਆਂ ਪਾਰਿੰਦਰ ਸਿੰਘ ਨੇ ਮਲੇਸ਼ੀਆ ਵਿਖੇ ਹੋਏ ਇੰਟਰਨੈਸ਼ਨਲ ਅਬੈਕਸ ਕੰਪੀਟੀਸ਼ਨ ਵਿਚੋਂ 5ਵੀਂ ਪੁਜੀਸ਼ਨ ਹਾਸਲ ਕਰਕੇ ਪੰਜਾਬ ਦੇ ਰਾਜਪਾਲ ਤੋਂ ਸਨਮਾਨ ਹਾਸਲ ਕੀਤਾ ਸੀ। ਪਾਰਿੰਦਰ ਆਪਣੇ ਸਕੂਲ ਸਮੇਂ ਕੌਮੀ ਪੱਧਰ ਦਾ ਰਾਈਫਲ ਸ਼ੂਟਰ ਵੀ ਰਿਹਾ ਹੈ। ਇਸ ਤੋਂ ਇਲਾਵਾ ਆਰਮੀ ਇੰਸਟੀਚਿਊਟ ਆਫ਼ ਲਾਅ ਮੁਹਾਲੀ ਤੋਂ ਪੰਜ ਸਾਲਾ ਲਾਅ ਕੋਰਸ ਜੁਲਾਈ-2021 ਵਿਚ ਪਾਸ ਕੀਤਾ ਸੀ। ਹੁਣ ਪਹਿਲੀ ਵਾਰ ਹੀ ਹਰਿਆਣਾ ਸਿਵਲ ਸਰਵਿਸਿਜ ਜੁਡੀਸ਼ੀਅਲ ਵਿਚੋਂ 48ਵਾਂ ਰੈਂਕ ਹਾਸਲ ਕਰਕੇ ਆਪਣੇ ਬੈਚ ਦਾ ਛੋਟੀ ਉਮਰ ਦਾ ਜੱਜ ਚੁਣਿਆ ਗਿਆ ਹੈ।