ਪੱਤਰ ਪ੍ਰੇਰਕ
ਭਵਾਨੀਗੜ੍ਹ, 23 ਅਕਤੂਬਰ
ਇੱਥੋਂ ਨੇੜਲੇ ਸਰਕਾਰੀ ਮਿਡਲ ਸਕੂਲ ਝਨੇੜੀ ਵਿੱਚ ਬਤੌਰ ਪੀਟੀਆਈ ਅਧਿਆਪਕਾ ਸੇਵਾ ਨਿਭਾਅ ਰਹੀ ਪਰਮਜੀਤ ਕੌਰ ਨੇ ਸੰਗਰੂਰ ਵਿੱਚ ਹੋਈਆਂ ਸੂਬਾ ਪੱਧਰੀ ਖੇਡਾਂ ਦੌਰਾਨ 50 ਸਾਲ ਉਮਰ ਵਰਗ ਵਿੱਚ 100 ਮੀਟਰ ਅਤੇ 400 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਦੋ ਸੋਨੇ ਦੇ ਤਗ਼ਮੇ ਜਿੱਤੇ ਹਨ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਦੇ ਪ੍ਰਿੰਸੀਪਲ ਦੀਪਕ ਕੁਮਾਰ ਅਤੇ ਸਰਕਾਰੀ ਮਿਡਲ ਸਕੂਲ ਝਨੇੜੀ ਦੇ ਸਟਾਫ ਮਨਪ੍ਰੀਤ ਕੌਰ, ਨਰਿੰਦਰ ਕੁਮਾਰ ਅਤੇ ਜਸਵਿੰਦਰ ਸਿੰਘ ਸਮੇਤ ਸਮੁੱਚੇ ਸਟਾਫ ਮੈਂਬਰਾਂ ਨੇ ਪਰਮਜੀਤ ਕੌਰ ਨੂੰ ਵਧਾਈ ਦਿੱਤੀ।
ਬਾਕਸਿੰਗ ਵਿੱਚ ਪ੍ਰਵੀਨ ਨੂੰ ਸੁਨਹਿਰੀ ਤਗ਼ਮਾ
ਸੰਦੌੜ (ਪੱਤਰ ਪ੍ਰੇਰਕ): ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੀ ਖਿਡਾਰਨ ਨੇ ‘ਖੇਡਾਂ ਵਤਨ ਦੀਆਂ’ ਦੌਰਾਨ ਰਾਜ ਪੱਧਰੀ ਮੁੱਕੇਬਾਜ਼ੀ ਦੇ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗ਼ਮਾ ਜਿੱਤਿਆ ਹੈ। ਇਸ ਸਬੰਧੀ ਕਾਲਜ ਪ੍ਰਿੰਸੀਪਲ ਪ੍ਰੋ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਹੋਣਹਾਰ ਖਿਡਾਰਨ ਪ੍ਰਵੀਨ ਨੇ ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਜੋ ਕਿ ਕਾਲਜ ਲਈ ਅਤੇ ਜ਼ਿਲ੍ਹਾ ਮਲੇਰਕੋਟਲਾ ਲਈ ਮਾਣਮੱਤੀ ਪ੍ਰਾਪਤੀ ਹੈ। ਇਸ ਪ੍ਰਾਪਤੀ ’ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੰਤ ਕੇਸਰ ਦਾਸ ਕੰਗਣਵਾਲ ਤੇ ਜਨਰਲ ਸਕੱਤਰ ਸਤਵੰਤ ਸਿੰਘ ਨੇ ਵਿਦਿਆਰਥਣ ਪ੍ਰਵੀਨ ਨੂੰ ਵਧਾਈ ਦਿੱਤੀ।