ਮਹਿੰਦਰ ਕੌਰ ਮੰਨੂ
ਸੰਗਰੂਰ,10 ਅਪਰੈਲ
ਰੰਗਸ਼ਾਲਾ ਅਤੇ ਕਲਾ ਕੇਂਦਰ ਦੇ ਡਾਇਰੈਕਟਰ ਯਸ਼ ਦੀ ਅਗਵਾਈ ਹੇਠ ਰਾਮ ਵਾਟਿਕਾ ਬੱਗੀਖਾਨਾ ਦੇ ਮੰਚ ’ਤੇ ਚੱਲ ਰਹੇ ਤਿੰਨ ਦਿਨਾਂ ਪਰਮਜੀਤ ਗਾਗਾ ਯਾਦਗਾਰੀ ਥੀਏਟਰ ਫ਼ੈਸਟੀਵਲ ਦਾ ਆਗਾਜ਼ ਅਮਰੀਕ ਗਾਗਾ ਅਤੇ ਪੂਨਮ ਅਗਰਵਾਲ ਨੇ ਜੋਤ ਜਗਾ ਕੇ ਕੀਤਾ| ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਕਰਨਵੀਰ ਸਿੰਘ ਸਬਿੀਆ ਚੇਅਰਮੈਨ ਸੰਗਰੂਰ ਹੈਰੀਟੇਜ਼ ਸੁਸਾਇਟੀ ਨੇ ਸ਼ਿਰਕਤ ਕੀਤੀ ਜਦੋਂ ਕਿ ਪ੍ਰਧਾਨਗੀ ਸੰਤੋਸ਼ ਗਰਗ ਨੇ ਕੀਤੀ| ਅੱਜ ਪਹਿਲੇ ਦਿਨ ਹਿੰਦੀ ਨਾਟਕ ‘ਕਰੋਨਾ ਭਾਗਾ ਰੇ’ ਦਾ ਸਫ਼ਲ ਮੰਚਨ ਕੀਤਾ ਗਿਆ, ਜਿਸ ਦੇ ਲੇਖਨ ਅਤੇ ਨਿਰਦੇਸ਼ਨ ਯਸ਼ਪਾਲ ਨੇ ਕੀਤਾ| ਇਸ ਵਿੱਚ ਕਰੋਨਾ ਮਹਾਮਾਰੀ ਦੌਰਾਨ ਲੰਮੇਂ ਸਮੇਂ ਲਾਕਡਾਊਨ ਦਾ ਜੋ ਅਸਰ ਸਾਡੇ ਸਮਾਜ ’ਤੇ ਹੋਇਆ, ਦੀ ਸਥਿਤੀ ਨੂੰ ਦਰਸਾਇਆ ਗਿਆ| ਜਿਥੇ ਇਹ ਨਾਟਕ ਸਰਕਾਰ ਦੁਆਰਾ ਜਲਦਬਾਜ਼ੀ ’ਚ ਕੀਤੇ ਗਏ ਫ਼ੈਸਲੇ ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਦਾ ਹੈ, ਉਥੇ ਹੀ ਇਸ ਬਿਪਤਾ ਨੂੰ ਅਵਸਰ ’ਚ ਬਦਲਣ ਵਾਲੇ ਜਮ੍ਹਾਂਖੋਰਾਂ ’ਤੇ ਵਿਅੰਗ ਵੀ ਕਰਦਾ ਹੈ| ਨਾਟਕ ਦਾ ਆਗਾਜ਼ ਇੱਕ ਦਿਨ ਦੇ ਜਨਤਾ ਕਰਫ਼ਿਊ ਦੀ ਘੋਸ਼ਣਾ ਨਾਲ ਹੁੰਦਾ ਹੈ ਅਤੇ ਫ਼ਿਰ ਰਾਤ ਨੂੰ ਸਮਾਜਿਕ ਦੂਰੀਆਂ ਦੀ ਪਰਵਾਹ ਕਿਤੇ ਬਿਨਾਂ ਸੈਂਕੜਿਆਂ ਦੀ ਤਾਦਾਤ ਵਿਚ ਜਮ੍ਹਾਂ ਹੋ ਕੇ ਲੋਕ ਦੀਵੇ ਜਗਾਉਂਦੇ ਹਨ, ਤਾਲੀ ਅਤੇ ਥਾਲੀ ਖੜਕਾਉਂਦੇ ਹਨ| ਲਾਕਡਾਊਨ ਦੇ ਅੱਗੇ ਵਧਣ ਨਾਲ ਜਮ੍ਹਾਂ ਖੋਰੀ ਅਤੇ ਕਾਲਾਬਾਜ਼ਾਰੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਅਤੇ ਗਰੀਬ ਆਦਮੀ ਲਈ ਦੋ ਟਾਈਮ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ| ਇਸ ਸਭ ਦਾ ਜ਼ਿੰਮੇਦਾਰ ਕੌਣ ਹੈ ਆਦਿ ਸਵਾਲ ਪੁੱਛਣ ਵਾਲਾ ਦੇਸ਼ਦ੍ਰੋਹੀ ਠਹਿਰਾਇਆ ਜਾਂਦਾ ਹੈ| ਇਸ ਸਾਰੇ ਹਨੇਰੇ ਵਿੱਚ ਸਿਰਫ਼ ਇਕ ਆਸ ਦੀ ਕਿਰਨ ਦੀ ਕੁਦਰਤ ਦਿਖਾਈ ਦਿੰਦੀ ਹੈ, ਕਿਉਂਕਿ ਸਿਰਫ਼ ਇੱਕ ਸਾਲ ਵਿਚ ਹੀ ਧਰਤੀ ਬਿਨਾਂ ਪ੍ਰਦੂਸ਼ਣ ਤੋਂ ਕਿੰਨੀ ਸਾਫ਼ ਸੁਥਰੀ ਦਿਖਾਈ ਦੇਣ ਲਗ ਪਈ ਸੀ, ਜੋ ਮਾਨਵ ਜਾਤੀ ਲਈ ਇਕ ਸੰਦੇਸ਼ ਸੀ| ਨਾਟਕ ਵਿੱਚ ਰਣਜੀਤ ਸਿੰਘ, ਮੁਸਕਾਨ, ਸੁਖਵਿੰਦਰ ਕੌਰ, ਗੁਰਦਸ਼ਨ ਸਿੰਘ, ਸਰੋਜ ਰਾਣੀ, ਮੀਨੂ ਤਨਵਰ, ਦਿਵਿਆਨਾ ਬਾਂਸਲ, ਮੁਸਕਾਨ ਕਥੂਰੀਆ, ਮਨਜੀਤ ਸਿੰਘ, ਸੋਰਭ ਕੋਹਲੀ, ਤਕਸ਼ ਸਿੰਗਲਾ, ਮੋਹਰੂਪ ਸਿੰਘ, ਪਰਮਜੀਤ ਕੌਰ, ਡੋਲਸੀ ਹਸੀਜਾ, ਅਰਨਵ ਸਿੰਗਲਾ, ਪੀਯੂਸ਼ ਗਰਗ, ਪ੍ਰੀਤਿਕਾ, ਕਾਵਿਆ, ਗੀਤ, ਪ੍ਰਥਮ ਮਲਹੋਤਰਾ, ਰਾਜ ਸਿੰਗਲਾ ਅਤੇ ਸਿਰਮਨ ਆਦਿ ਕਲਾਕਾਰਾਂ ਨੇ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ| ਸਮਾਗਮ ਦੇ ਅਖੀਰ ਵਿੱਚ ਕਲਾ ਕੇਂਦਰ ਦੇ ਪ੍ਰਧਾਨ ਦਿਨੇਸ਼ ਐਡਵੋਕੇਟ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ |