ਮੁਕੰਦ ਸਿੰਘ ਚੀਮਾ
ਸੰਦੌੜ, 20 ਜਨਵਰੀ
ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਕੀਤੇ ਜਾ ਰਹੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਵੱਲੋਂ ਸੰਦੌੜ ਇਲਾਕੇ ਦੇ ਦਰਜਨਾਂ ਪਿੰਡਾਂ ਵਿਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਸ ਟਰੈਕਟਰ ਮਾਰਚ ਵਿਚ ਬੱਚਿਆਂ ਸਮੇਤ ਹਰ ਵਰਗ ਦੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਕੀਤੀ। ਮਾਰਚ ਵਿਚ 300 ਦੇ ਕਰੀਬ ਟਰੈਕਟਰ ਸ਼ਾਮਲ ਸਨ। ਬਲਾਕ ਆਗੂ ਗੁਰਮੇਲ ਸਿੰਘ ਮਹੋਲੀ ਨੇ ਕਿਹਾ ਕਿ ਇਹ ਟਰੈਕਟਰ ਮਾਰਚ ਪਿੰਡ ਖੁਰਦ ਤੋਂ ਸ਼ੁਰੂ ਕੀਤਾ ਗਿਆ, ਜੋ ਕਿ ਪਿੰਡ ਸ਼ੇਰਗੜ੍ਹ ਚੀਮਾ, ਕਾਸਾਪੁਰ, ਚੁਹਾਣੇ, ਨੱਥੋਹੇੜੀ, ਝਨੇਰ, ਫਰਵਾਲੀ, ਬਿਸ਼ਨਗੜ੍ਹ, ਕਲਿਆਣ, ਸੰਦੌੜ, ਦੁਲਮਾਂ ਕਲਾਂ ਤੋਂ ਹੁੰਦਾ ਹੋਇਆ ਪਿੰਡ ਖੁਰਦ ਵਿੱਚ ਜਾ ਕੇ ਸਮਾਪਤ ਹੋਇਆ। ਉਨ੍ਹਾਂ ਕਿਹਾ ਕਿ ਅੱਜ ਦਾ ਟਰੈਕਟਰ ਮਾਰਚ 26 ਜਨਵਰੀ ਦੀ ਪਰੇਡ ਦਾ ਅਭਿਆਸ ਹੈ। ਇਸ ਮਾਰਚ ਵਿਚ ਸੁਖਵਿੰਦਰ ਸਿੰਘ ਬੰਟੀ, ਸੁਖਵਿੰਦਰ ਸਿੰਘ ਚੁਹਾਣੇ, ਜਗਰੂਪ ਸਿੰਘ ਖੁਰਦ, ਮੱਘਰ ਸਿੰਘ ਕਾਸਾਪੁਰ, ਨਾਜਰ ਸਿੰਘ ਨੱਥੋਹੇੜੀ, ਦਰਸ਼ਨ ਸਿੰਘ ਦੁਲਮਾਂ, ਨਛੱਤਰ ਸਿੰਘ ਝਨੇਰ, ਜਰਨੈਲ ਸਿੰਘ ਬਿਸ਼ਨਗੜ੍ਹ, ਮਨਜੀਤ ਸਿੰਘ ਫਰਵਾਲੀ, ਸਿੰਦਰ ਸਿੰਘ ਕਲਿਆਣ, ਸੁਖਵਿੰਦਰ ਸਿੰਘ ਸੰਦੌੜ ਆਦਿ ਕਿਸਾਨ ਆਗੂ ਹਾਜ਼ਰ ਸਨ।
ਲੱਡਾ ਟੌਲ ਪਲਾਜ਼ਾ ’ਤੇ ਲੱਗਿਆ ਧਰਨਾ 112ਵੇਂ ਦਿਨ ’ਚ ਸ਼ਾਮਲ
ਧੂਰੀ (ਖੇਤਰੀ ਪ੍ਰਤੀਨਿਧ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਨੇੜਲੇ ਪਿੰਡ ਲੱਡਾ ਦੇ ਟੌਲ ਪਲਾਜ਼ਾ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ, ਰਾਮ ਸਿੰਘ ਕੱਕੜਵਾਲ ਦੀ ਅਗਵਾਈ ਵਿੱਚ ਲੱਗਾ ਕਿਸਾਨੀ ਧਰਨਾ ਅੱਜ 112ਵੇਂ ਦਿਨ ਵਿੱਚ ਸ਼ਾਮਲ ਹੋ ਗਿਆ, ਇਸ ਮੌਕੇ ਅਡਾਨੀ, ਅੰਬਾਨੀ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਮੀਟਿੰਗਾਂ ਦਾ ਸਹਾਰਾ ਲੈਣ ਦੀ ਥਾਂ ਖੇਤੀ ਕਾਨੂੰਨਾਂ ਨੂੰ ਫੋਰੀ ਰੱਦ ਕਰੇ।