ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਅਗਸਤ
ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਪੰਜਾਬ ਦੀਆਂ ਪੰਚਾਇਤਾਂ ਨੂੰ ਸ਼ਰਾਬ ਦੇ ਠੇਕਿਆਂ ਖ਼ਿਲਾਫ਼ ਮਤੇ ਪਾਸ ਕਰਨ ਦਾ ਸੱਦਾ ਦਿੱਤਾ ਹੈ। ਜਿਹੜੀਆਂ ਪੰਚਾਇਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਪਿੰਡ ਵਿਚ ਸ਼ਰਾਬ ਦੇ ਠੇਕੇ ਬੰਦ ਹੋਣ ਤਾਂ ਉਹ ਦੋ-ਤਿਹਾਈ ਬਹੁਮਤ ਨਾਲ ਮਤੇ ਪਾਸ ਕਰ ਸਕਦੀਆਂ ਹਨ। ਇੱਥੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਸਮਾਜ ਸੇਵੀ ਜਥੇਬੰਦੀਆਂ ’ਚ ਸ਼ਾਮਲ ਸਾਇੰਟੇਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਸੰਗਰੂਰ ਦੇ ਪ੍ਰਧਾਨ ਡਾ. ਏਐੱਸ ਮਾਨ, ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਪ੍ਰਾਜੈਕਟ ਡਾਇਰੈਕਟਰ ਮੋਹਨ ਸ਼ਰਮਾ, ਸਮਾਜ ਭਲਾਈ ਮੰਚ ਸ਼ੇਰਪੁਰ ਦੇ ਪ੍ਰਧਾਨ ਰਜਿੰਦਰਜੀਤ ਕਾਲਾਬੂਲਾ, ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਬਲਦੇਵ ਸਿੰਘ ਗੋਸਲ ਨੇ ਪੰਜਾਬ ਦੀਆਂ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਰਾਬ ਦੇ ਠੇਕਿਆਂ ਖ਼ਿਲਾਫ਼ ਮਤੇ ਪਾਸ ਕਰਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਇਹ ਕਾਨੂੰਨਨ ਹੱਕ ਹੈ ਕਿ ਉਹ ਮਤਾ ਪਾਸ ਕਰ ਕੇ ਆਪਣੇ ਪਿੰਡ ’ਚੋਂ ਠੇਕਾ ਬੰਦ ਕਰਵਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਸ਼ਰਾਬ ਨਾਲ ਹਰ ਪਿੰਡ ਵਿਚ 15 ਤੋਂ 20 ਮੌਤਾਂ ਹੋ ਚੁੱਕੀਆਂ ਹਨ, 15/20 ਜਣਿਆਂ ਦੇ ਜਿਗਰ ਖ਼ਰਾਬ ਹੋ ਚੁੱਕੇ ਹਨ ਅਤੇ ਸ਼ਰਾਬ ਕਾਰਨ ਬੱਚਿਆਂ ਅਤੇ ਔਰਤਾਂ ਨੂੰ ਕੁੱਟਮਾਰ ਸਹਿਣੀ ਪੈਂਦੀ ਹੈ। ਸ਼ਰਾਬੀ ਵਿਅਕਤੀ ਆਪਣੀ ਅੱਧੀ ਕਮਾਈ ਸ਼ਰਾਬ ਪੀਣ ’ਤੇ ਹੀ ਲਗਾ ਦਿੰਦੇ ਹਨ। ਸਮਾਜ ਸੇਵੀ ਜਥੇਬੰਦੀਆਂ ਪੰਚਾਇਤਾਂ ਨੂੰ ਸਹਿਯੋਗ ਕਰਨ ਲਈ ਤਿਆਰ ਹਨ।
‘ਫਰੰਟੀਅਰਜ਼ ਆਫ਼ ਸਾਇੰਸ ਤੇ ਟੈਕਨਾਲੋਜੀ ਇਨ ਡਿਫੈਂਸ’ ਵਿਸ਼ੇ ’ਤੇ ਵੈਬਿਨਾਰ
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 11 ਅਗਸਤ
ਖ਼ਾਲਸਾ ਕਾਲਜ ਪਟਿਆਲਾ ਦੇ ਪੀਜੀ ਫਿਜ਼ਿਕਸ ਵਿਭਾਗ ਵੱਲੋਂ ‘ਫਰੰਟੀਅਰਜ਼ ਆਫ਼ ਸਾਇੰਸ ਅਤੇ ਟੈਕਨਾਲੋਜੀ ਇਨ ਡੀਫੈਂਸ’ ਵਿਸ਼ੇ ’ਤੇ ਰਾਸ਼ਟਰੀ ਪੱਧਰ ਦਾ ਵੈਬਿਨਾਰ ਕਰਵਾਇਆ ਗਿਆ। ਇਸ ਵੈਬਿਨਾਰ ਦੇ ਮੁੱਖ ਵਕਤਾ ਡੀ.ਆਰ.ਡੀ.ਓ. ਦਿੱਲੀ ਤੋਂ ਡਾ. ਸੁਸ਼ੀਲ ਚੰਦਰ ਸਾਇੰਟਿਸਟ ਤੇ ਐਸੋਸੀਏਟ ਡਾਇਰੈਕਟਰ ਅਤੇ ਡਾ. ਗਰੀਸ਼ਮਾ ਸ਼ਰਮਾ ਸਨ। ਇਸ ਵੈਬਿਨਾਰ ਵਿੱਚ ਵੱਖ-ਵੱਖ ਰਾਜਾਂ ਤੋਂ ਲਗਭਗ 200 ਤੋਂ ਵੱਧ ਡੈਲੀਗੇਟਸ ਨੇ ਸ਼ਮੂਲੀਅਤ ਕੀਤੀ।
ਡਾ. ਸੁਸ਼ੀਲ ਚੰਦਰਾ ਨੇ ਵਰਚੁਅਲ ਰੀਐਲਟੀ ਅਤੇ ਆਰਗੂਮੈਂਟਿਡ ਰਿਐਲਟੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਉਨ੍ਹਾਂ ਨੂੰ ਡੀ.ਆਰ.ਡੀ.ਓ ਵਿਚ ਅਲੱਗ-ਅਲੱਗ ਕੋਰਸਾਂ ਅਤੇ ਨੌਕਰੀਆਂ ਸਬੰਧੀ ਸੰਖੇਪ ਵਿੱਚ ਵੀ ਦੱਸਿਆ। ਮੈਡਮ ਗਰੀਸ਼ਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਰਟੀਫੀਸ਼ਲ ਇੰਨਟੈਲੀਜੈਂਸ ਬਾਰੇ ਜਾਣੂ ਕਰਵਾਉਂਦੇ ਹੋਏ ਵੱਖ-ਵੱਖ ਵੀਡੀਓ ਦਿਖਾ ਕੇ ਵਿਸ਼ੇ ਪ੍ਰਤੀ ਜਾਣਕਾਰੀ ਦਿੱਤੀ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵੈਬਿਨਾਰ ਆਯੋਜਿਤ ਕਰਵਾਉਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੌਜੂਦਾ ਦੌਰ ਵਿੱਚ ਆਰਟੀਫੀਸ਼ੀਅਲ ਇੰਨਟੈਲੀਜੈਂਸੀ ਨੂੰ ਅਸਲ ਜ਼ਿੰਦਗੀ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ। ਵਿਭਾਗ ਦੇ ਮੁਖੀ ਡਾ. ਤਰਲੋਚਨ ਸਿੰਘ ਮਹਾਜਨ ਨੇ ਬੁਲਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਭਾਗ ਅਜਿਹੇ ਗਿਆਨ ਵਰਧਕ ਵੈਬਿਨਾਰ ਕਰਵਾਉਣ ਲਈ ਹਮੇਸ਼ਾਂ ਹੀ ਤਤਪਰ ਰਹੇਗਾ। ਕੋਆਰਡੀਨੇਟਰ ਡਾ. ਵਰਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਵੈਬਿਨਾਰ ਸਫ਼ਲਤਾਪੂਰਵਕ ਸਮਾਪਤ ਹੋਇਆ। ਇਸ ਵੈਬਿਨਾਰ ਵਿੱਚ ਵਿਭਾਗ ਦੇ ਫੈਕਲਟੀ ਮੈਂਬਰ ਡਾ. ਅਰਵਿੰਦ ਸੱਭਰਵਾਲ, ਡਾ. ਸੁਪ੍ਰਿਆ ਗੋਇਲ ਅਤੇ ਡਾ. ਕਿਰਨਦੀਪ ਸੰਧੂ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਕਰਦੇ ਹੋਏ।