ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਮਈ
ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੀ ਜਾਗਰੂਕ ਪੰਚਾਇਤ ਨੇ ਮਹਿਲਾ ਸਰਪੰਚ ਕਮਲਜੀਤ ਕੌਰ ਦੀ ਅਗਵਾਈ ਹੇਠ ਕੋਵਿਡ-19 ਨੂੰ ਦੇਖਦੇ ਹੋਏ ਲੋਕਾਂ ਲਈ ਇੱਕ ਸਾਫ਼ ਸੁਥਰੇ ਹਾਲ ’ਚ 30 ਬੈੱਡ ਦਾ ਕੋਵਿਡ ਕੇਅਰ ਕੇਂਦਰ ਤਿਆਰ ਕੀਤਾ ਹੈ। ਇਸ ਕੇਂਦਰ ’ਚ ਪੱਖਿਆਂ, ਮਰੀਜ਼ਾਂ ਦਾ ਮੁਫ਼ਤ ਇਲਾਜ , ਪੀਣ ਲਈ ਪਾਣੀ, ਆਕਸੀਜਨ, ਐਂਬੂਲੈਂਸ ਦਾ ਪ੍ਰਬੰਧ ਹੈ ਅਤੇ ਇਸੇ ਪਿੰਡ ਦਾ ਇੱਕ ਡਾਕਟਰ ਤਾਇਨਾਤ ਰਹੇਗਾ। ਪਿੰਡ ਦੀ ਸਰਪੰਚ ਕਮਲਜੀਤ ਕੌਰ ਦਾ ਕਹਿਣਾ ਹੈ ਕਿ ਪਿੰਡਾਂ ਦੇ ਲੋਕ ਜਿਹੜੇ ਡਰਦੇ ਹਸਪਤਾਲ ਨਹੀਂ ਜਾਂਦੇ ਉਹ ਇਥੇ ਦਾਖਲ ਹੋ ਸਕਦੇ ਹਨ ਅਤੇ ਗੰਭੀਰ ਮਰੀਜ਼ਾਂ ਨੂੰ ਸਿਵਲ ਹਸਪਤਾਲਾਂ ’ਚ ਭੇਜਿਆ ਜਾਵੇਗਾ। ਸਰਪੰਚ ਕਮਲਜੀਤ ਕੌਰ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਦੇ ਪਿੰਡ ’ਚ ਕੋਈ ਕੋਵਿਡ-19 ਦਾ ਕੇਸ ਸਾਹਮਣੇ ਨਹੀਂ ਆਇਆ ਪਰ ਕੁਝ ਲੋਕਾਂ ਦੀ ਆਕਸੀਜ਼ਨ ਦੀ ਘਾਟ ਕਰਕੇ ਮੌਤ ਜ਼ਰੂਰ ਹੋਈ ਸੀ ਜਿਸ ਕਰਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਮੁੱਖ ਰੱਖਦੇ ਹੋਏ ਪੰਚਾਇਤ ਨੇ ਇਹ ਕਦਮ ਚੁੱਕਿਆ ਹੈ।ਪਿੰਡ ਦੇ ਨਿੱਜੀ ਡਾਕਟਰ ਜਗਤਾਰ ਸਿੰਘ, ਗੁਰਦੀਪ ਸਿੰਘ, ਮਨਜੀਤ ਕੌਰ ,ਸਿੰਗਾਰਾ ਸਿੰਘ ਅਤੇ ਲਾਭ ਸਿੰਘ ਨੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਕਰੋਨਾ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਕੀਤੇ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ ਹੈ । ਉਨ੍ਹਾਂ ਪ੍ਰਸ਼ਾਸਨ ਤੋਂ ਅਜਿਹੇ ਉਦਮ ਕਰਨ ਵਾਲਿਆਂ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਬਿਮਾਰੀ ਦੇ ਖਾਤਮੇ ਤੱਕ ਕੇਂਦਰ ਨੂੰ ਨਿਰਵਿਘਨ ਚਲਾਇਆ ਜਾ ਸਕੇ।
ਕਰੋਨਾ ਪੀੜਤਾਂ ਦੀ ਸੰਭਾਲ ਦੇ ਹੁਕਮ
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਕਰੋਨਾ ਮਹਾਮਾਰੀ ਦੇ ਦੂਜੇ ਗੇੜ ’ਚ ਮੌਤਾਂ ਦੀ ਵਧ ਰਹੀ ਗਿਣਤੀ ਦੌਰਾਨ ਸਰਕਾਰ ਨੇ ਕਰੋਨਾ ਕਾਰਨ ਮਰ ਚੁੱਕੇ ਜਾਂ ਹਸਪਤਾਲਾਂ ’ਚ ਦਾਖਲ ਮਾਪਿਆਂ ਦੇ ਬੱਚਿਆਂ ਨੂੰ ਸੰਭਾਲਣ ਦੇ ਆਦੇਸ਼ ਜਾਰੀ ਕੀਤੇ ਹਨ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ ਨੇ ਇਸ ਕੰਮ ਦੀ ਜਿੰਮੇਵਾਰੀ ਹਰ ਸੂਬੇ ਅੰਦਰ ਜ਼ਿਲ੍ਹਾ ਪੱਧਰ ’ਤੇ ਤਾਇਨਾਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਬਾਲ ਭਲਾਈ ਕਮੇਟੀ ਨੂੰ ਦਿੱਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸੰਗਰੂਰ ਨਵਨੀਤ ਕੌਰ ਤੂਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿਡ 19 ਕਾਰਨ ਮਰ ਚੁੱਕੇ ਜਾਂ ਇਲਾਜ ਅਧੀਨ ਮਾਪਿਆਂ ਦੇ ਬੱਚਿਆਂ ਨੂੰ ਕਈ ਵਾਰ ਵਿਸ਼ੇਸ਼ ਸੰਭਾਲ ਤੇ ਸੁਰੱਖਿਆ ਦੀ ਲੋੜ ਹੁੰਦੀ ਹੈ, ਜਿਸ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਸੁਰੱਖਿਆ ਵਿਭਾਗ ਕਾਰਜ਼ਸੀਲ ਹੈ। ਅਜਿਹੇ ਬੱਚੇ ਕਈ ਵਾਰ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਨਾਲ ਦੁਰ ਵਿਵਹਾਰ ਜਾਂ ਸੋਸ਼ਣ ਸਬੰਧੀ ਸ਼ਿਕਾਇਤ ਹੈਲਪਲਾਈਨ ਨੰਬਰ 9779506663, ਲੀਗਲ ਕਮ ਪ੍ਰੋਬੇਸ਼ਨ ਅਫਸਰ, ਸੰਗਰੂਰ 97817-00013 ਦਿੱਤੀ ਜਾ ਸਕਦੀ ਹੈ।